ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਪਾਕਿ ਦੇ ਵਿਰੁੱਧ ਬਗਾਵਤ ‘ਲੋਕ ਭਾਰਤ ਨਾਲ ਜੁੜਨ ਲਈ ਬੇਚੈਨ’

Tuesday, May 14, 2024 - 04:07 AM (IST)

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ’ਚ ਨਾਜ਼ਾਇਜ਼ ਟੈਕਸਾਂ ਦੇ ਕਾਰਨ ਮਹਿੰਗੀ ਬਿਜਲੀ, ਆਟਾ, ਦੁੱਧ, ਸਬਜ਼ੀਆਂ ਅਤੇ ਹੋਰ ਰੋਜ਼ਾਨਾ ਦੀਆਂ ਵਸਤੂਆਂ ਦੀਆਂ ਆਕਾਸ਼ ਛੂੰਹਦੀਆਂ ਕੀਮਤਾਂ ਆਦਿ ਦੇ ਵਿਰੁੱਧ ਸ਼ੁਰੂ ਕੀਤੀ ਗਈ ਪੂਰਨ ਹੜਤਾਲ 13 ਮਈ ਨੂੰ ਚੌਥੇ ਦਿਨ ਵੀ ਜਾਰੀ ਰਹਿਣ ਨਾਲ ਪੂਰੇ ਇਲਾਕੇ ’ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ।

ਪ੍ਰਦਰਸ਼ਨਕਾਰੀ ਕੋਹਾਲਾ-ਮੁਜ਼ੱਫਰਾਬਾਦ ਰੋਡ ਬੰਦ ਕਰ ਕੇ ਕਈ ਜਗ੍ਹਾ ਧਰਨੇ ’ਤੇ ਬੈਠੇ ਹਨ। ਚੌਕਾਂ ਅਤੇ ਸੰਵੇਦਨਸ਼ੀਲ ਸਥਾਨਾਂ ’ਤੇ ਵੱਡੀ ਗਿਣਤੀ ’ਚ ਪੁਲਸ ਦੇ ਦਸਤੇ ਤਾਇਨਾਤ ਹਨ। ਬਾਜ਼ਾਰ, ਵਪਾਰਕ ਕੇਂਦਰ ਅਤੇ ਸਿੱਖਿਆ ਸੰਸਥਾਵਾਂ ਅਤੇ ਆਵਾਜਾਈ ਦੀਆਂ ਸੇਵਾਵਾਂ ਠੱਪ ਹਨ।

ਅੰਦੋਲਨ ਦੀ ਅਗਵਾਈ ਕਰ ਰਹੀ ‘ਜੰਮੂ-ਕਸ਼ਮੀਰ ਸੰਯੁਕਤ ਆਵਾਮੀ ਕਮੇਟੀ’ (ਜੇ.ਏ.ਏ.ਸੀ.) ਕਣਕ ਦੇ ਆਟੇ ਅਤੇ ਬਿਜਲੀ ’ਤੇ ਸਬਸਿਡੀ ਦੇਣ ਅਤੇ ਹੋਰ ਸਹੂਲਤਾਂ ਤੋਂ ਇਲਾਵਾ ਅਮੀਰ ਵਰਗ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ।

ਸੁਰੱਖਿਆ ਦਸਤਿਆਂ ਅਤੇ ਪ੍ਰਦਰਸ਼ਕਾਰੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਅੰਦੋਲਨ ਨੂੰ ਦਬਾਉਣ ਲਈ ਪਾਕਿਸਤਾਨ ਰੇਂਜਰਜ਼ ਅਤੇ ਫਰੰਟੀਅਰ ਕਾਰਪਸ ਦੀ ਵਾਧੂ ਤਾਇਨਾਤੀ ਕਰ ਕੇ ਕਈ ਜਗ੍ਹਾ ਕਰਫਿਊ ਲਗਾ ਦਿੱਤਾ ਹੈ।

* 9 ਮਈ ਨੂੰ ਪੀ.ਓ.ਕੇ. ’ਚ ਪੂਰਨ ਹੜਤਾਲ ਨਾਲ ਆਮ ਜੀਵਨ ਠੱਪ ਹੋ ਗਿਆ ਅਤੇ ਸਰਕਾਰ ਨੇ ਵੱਖ-ਵੱਖ ਹਿੱਸਿਆਂ ’ਚ ਮੋਬਾਈਲ ਫੋਨ ਅਤੇ ਇੰਟਰਨੈੱਟ ਸੇਵਾਵਾਂ ਮੁਲਤਵੀ ਕਰ ਦਿੱਤੀਆਂ।

* 10 ਮਈ ਨੂੰ ਕੱਢੇ ਜਾਣ ਵਾਲੇ ‘ਲਾਂਗ ਮਾਰਚ’ ਨੂੰ ਰੋਕਣ ਲਈ ਪੁਲਸ ਨੇ ‘ਜੇ.ਏ.ਏ.ਸੀ.’ ਦੇ ਕਈ ਕਾਰਕੁੰਨਾਂ ਨੂੰ ਹਿਰਾਸਤ ’ਚ ਲੈਣ ਤੋਂ ਇਲਾਵਾ ਪ੍ਰਦਰਸ਼ਨਕਾਰੀ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ।

* 11 ਮਈ ਨੂੰ ਪ੍ਰਦਰਸ਼ਨਕਾਰੀਆਂ ਨੇ ਪੁੰਛ-ਕੋਟਲੀ ਰੋਡ ’ਤੇ ਇਕ ਮੈਜਿਸਟ੍ਰੇਟ ਦੀ ਕਾਰ ਸਮੇਤ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਮੁਜ਼ੱਫਰਾਬਾਦ ’ਚ ਦਰਜਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

*12 ਮਈ ਨੂੰ ਵੀ ਪੀ.ਓ.ਕੇ. ’ਚ ਕੀਤੀ ਜਾਣ ਵਾਲੀ ਰੈਲੀ ਰੋਕਣ ਦੀ ਕੋਸ਼ਿਸ਼ ਦੌਰਾਨ ਹਿੰਸਕ ਝੜਪਾਂ ’ਚ ਇਕ ਪੁਲਸ ਇੰਸਪੈਕਟਰ ਦੀ ਮੌਤ ਅਤੇ 100 ਹੋਰ ਜ਼ਖਮੀ ਹੋ ਗਏ।

ਸਪੱਸ਼ਟ ਹੈ ਕਿ ਪਾਕਿਸਤਾਨ ਦੇ ਸ਼ਾਸਕਾਂ ਦੇ ਮਤਰੇਅ ਰਵੱਈਏ ਤੋਂ ਤੰਗ ਆਏ ਪੀ.ਓ.ਕੇ. ਦੇ ਲੋਕ ਖੁੱਲ੍ਹੀ ਬਗਾਵਤ ’ਤੇ ਉਤਰ ਆਏ ਹਨ। ਭਾਰਤੀ ਖੇਤਰ ’ਚ ਜੰਮੂ-ਕਸ਼ਮੀਰ ਅੱਜ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਵਧ ਰਿਹਾ ਹੈ, ਇਹ ਗੱਲ ਪੀ.ਓ.ਕੇ. ਦੇ ਲੋਕਾਂ ਨੂੰ ਵੀ ਸਮਝ ਆਉਣ ਲੱਗੀ ਹੈ।

ਇਸ ਲਈ ਉਨ੍ਹਾਂ ਦਾ ਪਾਕਿਸਤਾਨ ਸਰਕਾਰ ਨੂੰ ਕਹਿਣਾ ਹੈ ਕਿ ‘ਜੇ ਤੁਸੀਂ ਲੋਕ ਸਾਨੂੰ ਸਹੂਲਤ ਨਹੀਂ ਦੇਣਾ ਚਾਹੁੰਦੇ ਤਾਂ ਸਰਹੱਦਾਂ ਖੋਲ੍ਹ ਦਿਓ,ਅਸੀਂ ਇੰਡੀਆ ਜਾਣਾ ਚਾਹੁੰਦੇ ਹਾਂ। ਉਥੇ ਸਾਨੂੰ 2 ਵਕਤ ਦੀ ਰੋਟੀ ਤਾਂ ਮਿਲ ਜਾਏਗੀ, ਇਥੇ ਜਿਊਣਾ ਮੁਸ਼ਕਲ ਹੈ। ਸਰਕਾਰ ਇਥੋਂ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲੈ ਜਾਂਦੀ ਹੈ ਪਰ ਸਾਨੂੰ ਜ਼ਿੰਦਗੀ ਗੁਜ਼ਾਰਨ ਲਈ ਰੋਜ਼ ਦੀਆਂ ਲੋੜਾਂ ਦੀਆਂ ਜੋ ਚੀਜ਼ਾਂ ਚਾਹੀਦੀਆਂ ਉਹ ਚੀਜ਼ਾਂ ਸਾਨੂੰ ਨਹੀਂ ਦਿੰਦੀ।’’

ਹਾਲਾਤ ਇਹ ਹਨ ਕਿ ਅੱਜ ਪੀ.ਓ.ਕੇ. ਦੇ ਵੱਖ-ਵੱਖ ਹਿੱਸਿਆਂ ’ਚ ਭਾਰਤੀ ਤਿਰੰਗੇ ਲਹਿਰਾਏ ਜਾ ਰਹੇ ਹਨ। ਪੀ.ਓ.ਕੇ. ਦੇ ਕਸਬਾ ‘ਰਾਵਲਕੋਟ’ ਵਿਚ ਦਿਨ ’ਚ 6 ਘੰਟੇ ਬਿਜਲੀ ਦੇਣ ਦੀ ਮੰਗ ’ਤੇ ਜ਼ੋਰ ਦੇਣ ਅਤੇ ਲੋੜ ਨਾਲੋਂ ਜ਼ਿਆਦਾ ਟੈਕਸ ਲਗਾਉਣ ਦੇ ਵਿਰੁੱਧ ਪ੍ਰਦਰਸ਼ਨ ਦੌਰਾਨ 10 ਮਈ ਨੂੰ ਭਾਰਤੀ ਤਿਰੰਗੇ ਲਹਿਰਾਏ ਗਏ।

ਅੰਦੋਲਨਕਾਰੀਆਂ ਦਾ ਦੋਸ਼ ਹੈ ਕਿ ਪਾਕਿਸਤਾਨ ’ਚ ਪੈਦਾ ਹੋਣ ਵਾਲੀ ਸਾਰੀ ਬਿਜਲੀ ਪੀ.ਓ.ਕੇ. ’ਚ ਪੈਂਦੇ ਦਰਿਆਵਾਂ ’ਚ ਬਣੇ ਡੈਮਾਂ ਤੋਂ ਮਿਲਦੀ ਹੈ। ਪਹਿਲਾਂ ਪੀ.ਓ.ਕੇ. ਦੇ ਲੋਕਾਂ ਨੂੰ ਸਸਤੀਆਂ ਦਰਾਂ ’ਤੇ ਬਿਜਲੀ ਦਿੱਤੀ ਜਾਂਦੀ ਸੀ ਪਰ ਹੁਣ ਬਿਜਲੀ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ ਜਦਕਿ ਭਾਰਤੀ ਕਸ਼ਮੀਰ ’ਚ ਲੋਕਾਂ ਨੂੰ ਸਸਤੀ ਦਰ ’ਤੇ 24 ਘੰਟੇ ਬਿਜਲੀ ਦੇਣ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਹੋਰ ਸਹੂਲਤਾਂ ਭਾਰਤ ਸਰਕਾਰ ਦੇ ਰਹੀ ਹੈ।

ਅਮਰੀਕਾ ’ਚ ‘ਡੇਲਵੇਅਰ ਯੂਨੀਵਰਸਿਟੀ’ ਦੇ ਪ੍ਰੋਫੈਸਰ ‘ਮੁਕੱਦਰ ਖਾਨ’ ਨੇ ਬੀਤੇ ਸਾਲ ਇਕ ਇੰਟਰਵਿਊ ’ਚ ਕਿਹਾ ਸੀ ਕਿ ‘‘ਪਾਕਿਸਤਾਨ ਸਰਕਾਰ ਨੂੰ ਭਾਰਤ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿਉਂਕਿ ਭਾਰਤ ਦੇ ਸ਼ਾਸਕਾਂ ਨੇ ਪਾਕਿਸਤਾਨ ਦੀ ਨਾਜ਼ੁਕ ਹਾਲਤ ਦਾ ਕਦੇ ਲਾਭ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਭਾਰਤ ਜੇ ਚਾਹੇ ਤਾਂ ਜੰਗ ਦਾ ਐਲਾਨ ਕਰ ਕੇ ਪੀ.ਓ.ਕੇ. ਅਤੇ ਦੂਜੇ ਹਿੱਸਿਆਂ ਨੂੰ ਆਪਣੇ ’ਚ ਮਿਲਾ ਸਕਦਾ ਹੈ।’’

ਕੁਲ ਮਿਲਾ ਕੇ ਇਸ ਸਮੇਂ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਗ੍ਰਹਿ ਯੁੱਧ ਵਰਗੇ ਹਾਲਾਤ ਬਣੇ ਹੋਏ ਹਨ, ਜਿਸ ਨੂੰ ਦੇਖਦੇ ਹੋਏ ਕਹਿਣਾ ਮੁਸ਼ਕਲ ਹੈ ਕਿ ਉਥੇ ਕਿਸ ਸਮੇਂ ਕੀ ਹੋ ਜਾਵੇ!

ਤਾਜ਼ਾ ਖਬਰਾਂ ਅਨੁਸਾਰ 13 ਮਈ ਨੂੰ ਪਾਕਿਸਤਾਨ ਸਰਕਾਰ ਨੇ ਇਸ ਇਲਾਕੇ ’ਚ ਵਧਦੀ ਅਸ਼ਾਂਤੀ ਖਤਮ ਕਰਨ ਲਈ ਤੁਰੰਤ ਕਈ ਅਰਬ ਰੁਪਏ ਦੇ ਫੰਡ ਦਾ ਐਲਾਨ ਕੀਤਾ ਹੈ ਪਰ ਸਮਾਂ ਹੀ ਦੱਸੇਗਾ ਕਿ ਫੰਡ ਦੀ ਇਹ ਰਕਮ ਪੀ.ਓ.ਕੇ. ਦੀ ਜਨਤਾ ਦੀ ਨਾਰਾਜ਼ਗੀ ਦੂਰ ਕਰਨ ’ਚ ਸਫਲ ਹੋ ਪਾਉਂਦੀ ਹੈ ਜਾਂ ਨਹੀਂ।

–ਵਿਜੇ ਕੁਮਾਰ


Harpreet SIngh

Content Editor

Related News