ਮਹਾਮਾਰੀ ਦੇ ਬਾਵਜੂਦ ਪਹਿਲੀ ਛਿਮਾਹੀ ’ਚ ਰਲੇਵੇਂ ਤੇ ਅਕਵਾਇਰਮੈਂਟ ਸੌਦੇ 44 ਫ਼ੀਸਦੀ ਵਧੇ
Sunday, Jul 04, 2021 - 09:40 PM (IST)

ਮੁੰਬਈ- ਕੋਵਿਡ-19 ਦੀ ਦੂਜੀ ਲਹਿਰ ਨਾਲ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਬਾਵਜੂਦ 2021 ਦੀ ਪਹਿਲੀ ਛਿਮਾਹੀ ’ਚ ਰਲੇਵੇਂ ਤੇ ਅਕਵਾਇਰਮੈਂਟ ਸੌਦਿਆਂ ’ਚ ਚੋਖਾ ਵਾਧਾ ਦੇਖਣ ਨੂੰ ਮਿਲਿਆ। ਉਦਯੋਗ ਦੀ ਇਕ ਰਿਪੋਰਟ ਅਨੁਸਾਰ 2021 ਦੀ ਪਹਿਲੀ ਛਿਮਾਹੀ ’ਚ ਰਲੇਵੇਂ ਅਤੇ ਅਕਵਾਇਰਮੈਂਟ ਸੌਦੇ 44 ਫ਼ੀਸਦੀ ਵਧ ਕੇ 49.34 ਅਰਬ ਡਾਲਰ ’ਤੇ ਪਹੁੰਚ ਗਏ। 2020 ਦੀ ਪਹਿਲੀ ਛਿਮਾਹੀ ’ਚ ਇਹ ਅੰਕੜਾ 34.3 ਅਰਬ ਡਾਲਰ ਰਿਹਾ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼
ਐੱਲ. ਐੱਸ. ਈ. ਸਮੂਹ ਦੀ ਇਕਾਈ ਰਿਫਿਨਿਟਵ ਦੇ ਅੰਕੜਿਆਂ ਅਨੁਸਾਰ ਇਸ ਦੌਰਾਨ ਰਲੇਵੇਂ ਅਤੇ ਅਕਵਾਇਰਮੈਂਟ ਸੌਦਿਆਂ ਦੀ ਗਿਣਤੀ 5 ਫ਼ੀਸਦੀ ਵਧ ਕੇ 730 ’ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 693 ਰਹੀ ਸੀ। ਕੁਲ ਸੌਦਿਆਂ ’ਚ ਸਰਹੱਦ ਪਾਰ ਰਲੇਵੇਂ ਅਤੇ ਅਕਵਾਇਰਮੈਂਟ ਦਾ ਅੰਕੜਾ 210 ਸੌਦਿਆਂ ’ਚ 21.73 ਅਰਬ ਡਾਲਰ ਰਿਹਾ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ 195 ਸੌਦਿਆਂ ’ਚ 16.02 ਅਰਬ ਡਾਲਰ ਦਾ ਰਿਹਾ ਸੀ। ਕੌਮਾਂਤਰੀ ਪੱਧਰ ’ਤੇ ਰਲੇਵੇਂ ਅਤੇ ਅਕਵਾਇਰਮੈਂਟ ਸੌਦਿਆਂ ਦਾ ਅੰਕੜਾ ਲਗਾਤਾਰ ਚੌਥੀ ਤਿਮਾਹੀ ’ਚ 1,000 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ।
ਇਹ ਖ਼ਬਰ ਪੜ੍ਹੋ- ਭਾਜਪਾ ਨੇਤਾਵਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ
ਕੌਮਾਂਤਰੀ ਪੱਧਰ ’ਤੇ ਪਹਿਲੀ ਛਿਮਾਹੀ ’ਚ ਰਲੇਵੇਂ ਅਤੇ ਅਕਵਾਇਰਮੈਂਟ ਸੌਦੇ ਰਿਕਾਰਡ 132 ਫ਼ੀਸਦੀ ਦੇ ਵਾਧੇ ਨਾਲ 2,800 ਅਰਬ ਡਾਲਰ ’ਤੇ ਪਹੁੰਚ ਗਏ। ਇਨ੍ਹਾਂ ’ਚੋਂ 10 ਅਰਬ ਡਾਲਰ ਦੇ ਸੌਦਿਆਂ ’ਚ 94 ਫ਼ੀਸਦੀ ਅਤੇ ਇਕ ਤੋਂ ਪੰਜ ਅਰਬ ਡਾਲਰ ਦੇ ਸੌਦਿਆਂ ’ਚ 100 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ। ਅਮਰੀਕਾ ਦੇ ਰਲੇਵੇਂ ਅਤੇ ਅਕਵਾਇਰਮੈਂਟ ਸੌਦੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 264 ਫ਼ੀਸਦੀ ਵਧ ਕੇ 1,400 ਅਰਬ ਡਾਲਰ ’ਤੇ ਪਹੁੰਚ ਗਏ। ਯੂਰਪੀ ਸੌਦੇ 33 ਫ਼ੀਸਦੀ ਵਧ ਕੇ 556 ਅਰਬ ਡਾਲਰ ਅਤੇ ਏਸ਼ੀਆ ਪ੍ਰਸ਼ਾਂਤ ਦੇ 83 ਫ਼ੀਸਦੀ ਵਧ ਕੇ 551.6 ਅਰਬ ਡਾਲਰ ਦੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।