ਮੇਹੁਲ ਚੌਕਸੀ ਨੇ ਪੇਸ਼ੀ ਤੋਂ ਕੀਤਾ ਇਨਕਾਰ, ਆਪਣੀ ਥਾਂ ਭੇਜੀ ਬੀਮਾਰੀਆਂ ਦੀ ਲੰਮੀ ਸੂਚੀ
Friday, Mar 22, 2019 - 04:34 PM (IST)

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਭਾਰਤ ਵਾਪਸ ਨਾ ਆਉਣ ਦੇ ਕਈ ਬਹਾਨੇ ਬਣਾ ਰਿਹਾ ਹੈ। ਅਦਾਲਤ ਨੂੰ ਦਿੱਤੀ ਗਈ ਇਕ ਮੈਡੀਕਲ ਰਿਪੋਰਟ ਵਿਚ ਉਸਨੇ ਕਿਹਾ ਹੈ ਕਿ ਉਸਦੇ ਦਿਮਾਗ 'ਚ ਖੂਨ ਦਾ ਕਲੋਟ ਜੰਮ੍ਹਿਆ ਹੋਇਆ ਹੈ, ਉਸਨੂੰ ਹਾਈਪਰ ਟੈਂਸ਼ਨ ਹੈ, ਇਸ ਤੋਂ ਇਲਾਵਾ ਉਸਦੇ ਪੈਰਾਂ ਵਿਚ ਵੀ ਦਰਦ ਹੈ, ਨਾਲ ਹੀ ਉਹ ਸ਼ੂਗਰ ਦਾ ਵੀ ਮਰੀਜ਼ ਹੈ। ਮੇਹੁਲ ਚੌਕਸੀ ਨੇ ਮੁੰਬਈ ਦੀ ਪੀ.ਐਮ.ਐਲ.ਏ. ਕੋਰਟ ਵਿਚ ਅਰਜ਼ੀ ਦੇ ਕੇ ਕਿਹਾ ਹੈ ਕਿ ਉਹ ਆਪਣੀ ਖਰਾਬ ਸਿਹਤ ਕਾਰਨ ਯਾਤਰਾ ਕਰਨ 'ਚ ਅਸਮਰੱਥ ਹੈ। ਇਸ ਲਈ ਉਸਨੂੰ ਕੋਰਟ 'ਚ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ।
ਮੇਹੁਲ ਚੌਕਸੀ ਦੀਆਂ ਬੀਮਾਰੀਆਂ ਦੀ ਸੂਚੀ
ਪੰਜਾਬ ਨੈਸ਼ਨਲ ਬੈਂਕ 'ਚ ਮੇਹੁਲ ਚੌਕਸੀ 'ਤੇ ਦੇਸ਼ ਦਾ ਕਰੋੜਾਂ ਰੁਪਿਆ ਲੈ ਕੇ ਫਰਾਰ ਹੋਣ ਦਾ ਦੋਸ਼ ਹੈ। ਮੇਹੁਲ ਚੌਕਸੀ ਨੇ ਅਦਾਲਤ ਦੇ ਸਾਹਮਣੇ ਆਪਣੀਆਂ ਬੀਮਾਰੀਆਂ ਦੀ ਲੰਮੀ ਸੂਚੀ ਰੱਖੀ ਹੈ। ਇਨ੍ਹਾਂ ਬੀਮਾਰੀਆਂ ਵਿਚ ਦਿਲ ਦੀ ਬੀਮਾਰੀ, ਮੋਟਾਪਾ, ਸਾਹ ਲੈਣ 'ਚ ਪਰੇਸ਼ਾਨੀ ਸੰਬੰਧੀ ਬੀਮਾਰੀ, ਆਰਥਰਾਇਟਿਸ ਸ਼ਾਮਲ ਹੈ।
ਰਿਪੋਰਟਾਂ ਅਨੁਸਾਰ ਉਸਦੇ ਖੱਬੇ ਪੈਰ ਵਿਚ ਲੰਮੇ ਸਮੇਂ ਤੋਂ ਦਰਦ ਹੈ ਜਿਸ ਕਾਰਨ ਉਸਨੂੰ ਤੁਰਨ 'ਚ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਉਸਨੇ ਆਪਣੀ ਰੇਡਿਓਗ੍ਰਾਫੀ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਹੈ। ਪੰਜਾਬ ਨੈਸ਼ਨਲ ਬੈਂਕ ਘੋਟਾਲੇ 'ਚ ਜਾਂਚ ਦਾ ਸਾਹਮਣਾ ਕਰ ਰਹੇ ਮੇਹੁਲ ਚੌਕਸੀ ਨੇ ਪੇਟ ਦਾ ਅਲਟ੍ਰਾਸਾਊਂਡ ਵੀ ਅਦਾਲਤ ਵਿਚ ਪੇਸ਼ ਕੀਤਾ ਹੈ।
ਮੇਹੁਲ ਚੌਕਸੀ ਨੇ ਡਾਕਟਰਾਂ ਦੀ ਟੈਸਟ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡਾਕਟਰਾਂ ਨੇ ਖਰਾਬ ਸਿਹਤ ਨੂੰ ਦੇਖਦੇ ਹੋਏ ਉਸਨੂੰ ਕਿਹਾ ਹੈ ਕਿ ਉਹ ਐਂਟੀਗੁਆ 'ਚ ਲਗਾਤਾਰ ਮੈਡੀਕਲ ਸੁਪਰਵਿਜ਼ਨ 'ਚ ਰਹੇ ਅਤੇ ਕਿਸੇ ਤਰ੍ਹਾਂ ਦਾ ਸਫਰ ਨਾ ਕਰੇ। ਮੇਹੁਲ ਚੌਕਸੀ ਦੀ ਮੈਡੀਕਲ ਰਿਪੋਰਟ ਅਨੁਸਾਰ ਡਾਕਟਰਾਂ ਨੇ ਉਸਦੇ ਦਿਲ ਦੀ ਸਰਜਰੀ ਕੀਤੀ ਹੈ ਅਤੇ ਸਟੈਂਟ ਲਗਾਇਆ ਹੈ। ਮੇਹੁਲ ਚੌਕਸੀ ਨੇ ਆਪਣੀ ਐਮ.ਆਰ. ਐਜੀਓਗ੍ਰਾਫੀ ਦੀ ਰਿਪੋਰਟ ਵੀ ਕੋਰਟ ਵਿਚ ਪੇਸ਼ ਕੀਤੀ ਹੈ।
ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਅਨੁਸਾਰ ਡਾਕਟਰਾਂ ਨੇ ਮੇਹੁਲ ਚੌਕਸੀ ਦੀ ਰਿਪੋਰਟ ਦੇਖਣ ਤੋਂ ਬਾਅਦ ਕਿਹਾ ਹੈ ਕਿ ਉਸਨੂੰ 3 ਤੋਂ 4 ਮਹੀਨੇ ਤੱਕ ਸਫਰ ਕਰਨ ਤੋਂ ਬਚਣਾ ਚਾਹੀਦਾ ਹੈ। ਰਿਪੋਰਟ ਅਨੁਸਾਰ ਮੇਹੁਲ ਚੌਕਸੀ ਨੂੰ ਮੋਟਾਪੇ ਦੀ ਬੀਮਾਰੀ ਹੈ ਅਤੇ ਉਸਦਾ ਮੋਟਾਪਾ ਤੀਜੇ ਪੱਧਰ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਉਹ ਦਿਲ ਦੀ ਬੀਮਾਰੀ, ਸ਼ੂਗਰ ਦੀ ਬੀਮਾਰੀ ਨਾਲ ਵੀ ਪੀੜਤ ਹੈ। ਸੈਂਟ ਜਾਨ ਹਸਪਤਾਲ ਐਂਟੀਗੁਆ ਵਿਚ ਪ੍ਰੈਕਟਿਸ ਕਰ ਰਹੇ ਡਾਕਟਰ ਨੇ ਕਿਹਾ ਹੈ ਕਿ ਮੇਹੁਲ ਚੌਕਸੀ ਨੇ ਸਫਰ ਕੀਤਾ ਤਾਂ ਉਸਦੀ ਹਾਲਤ ਹੋਰ ਵਿਗੜ ਸਕਦੀ ਹੈ।