ਮਹਿਰੌਲੀ ਕਤਲਕਾਂਡ: ਪੁਲਸ ਵਲੋਂ ਬਰਾਮਦ ਵਾਲ ਅਤੇ ਹੱਡੀ ਸ਼ਰਧਾ ਦੇ ਹੋਣ ਦੀ ਪੁਸ਼ਟੀ

01/04/2023 5:45:01 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਚਰਚਿੱਤ ਸ਼ਰਧਾ ਕਤਲਕਾਂਡ ਵਿਚ ਪੁਲਸ ਵਲੋਂ ਬਰਾਮਦ ਕੀਤੇ ਗਏ ਵਾਲ ਅਤੇ ਹੱਡੀ ਦੇ ਨਮੂਨੇ ਦੀ ਡੀ. ਐੱਨ. ਏ ਮਾਈਟੋਕੌਂਡਰੀਅਲ ਪ੍ਰੋਫਾਈਲਿੰਗ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਨਮੂਨੇ ਸ਼ਰਧਾ ਦੇ ਹੀ ਹਨ। ਇਹ ਜਾਣਕਾਰੀ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ। ਸ਼ਰਧਾ ਨੂੰ ਉਸ ਦੇ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਨੇ ਮਾਰ ਦਿੱਤਾ ਸੀ। ਪੁਲਸ ਨੇ ਕਿਹਾ ਕਿ ਹੱਡੀ ਅਤੇ ਵਾਲ ਗੁਰੂਗ੍ਰਾਮ ਅਤੇ ਮਹਿਰੌਲੀ ਸਮੇਤ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ NCR ਦੇ ਜੰਗਲਾਂ ਦੀ ਤਲਾਸ਼ੀ ਦੌਰਾਨ ਮਿਲੇ ਸਨ। 

ਸਪੈਸ਼ਲ ਪੁਲਸ ਕਮਿਸ਼ਨਰ ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਹੱਡੀ ਅਤੇ ਵਾਲ ਦੇ ਨਮੂਨਿਆਂ ਤੋਂ ਡੀ. ਐੱਨ. ਏ. ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸੀ, ਇਸ ਲਈ ਡੀ. ਐੱਨ. ਏ ਮਾਈਟੋਕੌਂਡਰੀਅਲ ਪ੍ਰੋਫਾਈਲਿੰਗ ਲਈ ਸੈਂਟਰ ਫ਼ਾਰ ਡੀ. ਐੱਨ. ਏ. ਫਿੰਗਰਪ੍ਰਿੰਟਿੰਗ ਅਤੇ ਡਾਇਗਨੌਸਟਿਕਸ, ਹੈਦਰਾਬਾਦ ਭੇਜਿਆ ਗਿਆ ਸੀ। ਅਧਿਕਾਰੀ ਮੁਤਾਬਕ ਮ੍ਰਿਤਕ ਸ਼ਰਧਾ ਦੀ ਹੱਡੀ ਦਾ ਇਕ ਟੁੱਕੜਾ ਅਤੇ ਵਾਲਾਂ ਦਾ ਗੁੱਛਾ ਉਸ ਦੇ ਪਿਤਾ ਅਤੇ ਭਰਾ ਨਾਲ ਮੇਲ ਖਾਂਦਾ ਹੈ, ਜਿਸ ਤੋਂ ਉਕਤ ਹੱਡੀ ਅਤੇ ਵਾਲ ਦੇ ਸ਼ਰਧਾ ਦੇ ਹੋਣ ਦੀ ਪੁਸ਼ਟੀ ਹੁੰਦੀ ਹੈ। ਹੱਡੀਆਂ ਨੂੰ ਹੁਣ ਪੋਸਟਮਾਰਟਮ ਲਈ ਭੇਜਿਆ ਜਾਵੇਗਾ, ਜੋ ਏਮਜ਼ ਦੇ ਮੈਡੀਕਲ ਬੋਰਡ ਵਲੋਂ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਪੂਨਾਵਾਲਾ ਨੇ ਲਿਵ-ਇਨ-ਰਿਲੇਸ਼ਨ ਵਿਚ ਰਹਿ ਰਹੀ ਸ਼ਰਧਾ ਦੀ 18 ਮਈ 2022 ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਸੀ। ਆਫਤਾਬ 'ਤੇ ਉਸ ਦੀ ਲਾਸ਼ ਦੇ 35 ਟੁੱਕੜੇ ਕਰ ਕੇ ਉਨ੍ਹਾਂ ਨੂੰ 3 ਹਫ਼ਤਿਆਂ ਤੱਕ ਦੱਖਣੀ ਦਿੱਲੀ ਦੇ ਮਹਿਰੌਲੀ ਸਥਿਤ ਰਿਹਾਇਸ਼ ਵਿਚ 300 ਲੀਟਰ ਦੇ ਫਰਿੱਜ ਵਿਚ ਰੱਖਿਆ ਅਤੇ ਉਨ੍ਹਾਂ ਨੂੰ ਕਈ ਦਿਨਾਂ ਤੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੁੱਟਣ ਦਾ ਦੋਸ਼ ਹੈ। ਜਦੋਂ ਸ਼ਰਧਾ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਤਾਂ ਦਿੱਲੀ ਪੁਲਸ ਨੇ 12 ਨਵੰਬਰ ਨੂੰ ਪੂਨਾਵਾਲਾ ਨੂੰ ਗ੍ਰਿਫ਼ਤਾਰ ਕੀਤਾ। ਪੂਨਾਵਾਲਾ ਫ਼ਿਲਹਾਲ ਨਿਆਇਕ ਹਿਰਾਸਤ ਵਿਚ ਹੈ।


Tanu

Content Editor

Related News