ਮਹਿਬੂਬਾ ਮੁਫਤੀ ਨੇ ਪ੍ਰਸ਼ਾਸਨ ’ਤੇ ਲਗਾਏ ਪਾਰਟੀ ਸਮਰਥਕਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼, ਚੋਣਾਂ ’ਚ ਧਾਂਦਲੀ ਦਾ ਖਦਸ਼ਾ

Sunday, May 12, 2024 - 04:13 PM (IST)

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਪਾਰਟੀ ਅਤੇ ਸਮਰਥਕਾਂ ਨੂੰ ਚੁਣ ਕੇ ਨਿਸ਼ਾਨਾ ਬਣਾਉਣ ਅਤੇ ਤੰਗ-ਪ੍ਰੇਸ਼ਾਨ ਕਰ ਕੇ ਲੋਕ ਸਭਾ ਚੋਣਾਂ ਵਿਚ ਧਾਂਦਲੀ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਸਥਾਨਕ ਪੀ. ਡੀ. ਪੀ. ਹੈੱਡਕੁਆਰਟਰ ’ਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁਫਤੀ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਪੁਲਵਾਮਾ ਵਿਚ ਧਾਰਾ-144 ਲਗਾ ਕੇ ਸ਼ਨੀਵਾਰ ਸ਼ਾਮ 6:30 ਵਜੇ ਤੋਂ ਲੋਕਾਂ ਦੇ ਇਕੱਠੇ ਹੋਣ ’ਤੇ 48 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ, ਜਦਕਿ ਪੁਲਵਾਮਾ ਸ਼੍ਰੀਨਗਰ ਲੋਕ ਸਭਾ ਸੀਟ ਦਾ ਹਿੱਸਾ ਹੈ ਅਤੇ ਇਥੇ ਸੋਮਵਾਰ ਨੂੰ ਵੋਟਿੰਗ ਹੋਣੀ ਹੈ। ਉਨ੍ਹਾਂ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਵਿਚ ਅੱਜ ਸ਼ਾਮ 6:30 ਵਜੇ ਤੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਜਿੱਥੇ ਚੋਣਾਂ ਹੋਣੀਆਂ ਹੋਣ ਅਤੇ ਉਹ ਵੀ ਚੋਣਾਂ ਖ਼ਤਮ ਹੋਣ ਤੱਕ ਪਾਬੰਦੀਆਂ ਲਗਾਈਆਂ ਗਈਆਂ ਹੋਣ। 

ਪੀ. ਡੀ. ਪੀ. ਸਪੀਕਰ ਨੇ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਹ ਵੋਟ ਪਾਉਣ ਲਈ ਬਾਹਰ ਨਾ ਆਉਣ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਧੋਖਾਧੜੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਚੋਣ ਨਤੀਜੇ ਪਹਿਲਾਂ ਹੀ ਤੈਅ ਹੋ ਰਹੇ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਵੋਟਿੰਗ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਸਰਗਰਮ ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ। ਮੁਫਤੀ ਨੇ ਕਿਹਾ ਕਿ ਇਹ ਮਾਮਲਾ ਸਿਰਫ ਪੁਲਵਾਮਾ ਤੱਕ ਸੀਮਤ ਨਹੀਂ ਹੈ। ਕੁਝ ਦਿਨ ਪਹਿਲਾਂ ਸੁਰਨਕੋਟ (ਜੰਮੂ ਦੇ ਪੁੰਛ ਜ਼ਿਲੇ ਵਿਚ) ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸਾਡੇ 50-60 ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਕ ਅਜੀਬ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੇ 1987 ਦੀਆਂ ਚੋਣਾਂ ਨੂੰ ਦੁਹਰਾਉਣਾ ਹੈ ਤਾਂ ਇਹ ਚੋਣ ਡਰਾਮਾ ਕਿਉਂ? ਜੇਕਰ ਉਨ੍ਹਾਂ ਨੇ ਇਖਵਾਨ (ਸਰਕਾਰੀ ਗੰਨਮੈਨ) ਜਾਂ ਇਖਵਾਨਾਂ ਦੀ ਪਾਰਟੀ ਬਣਾਉਣੀ ਹੈ , ਜਿਨ੍ਹਾਂ ਦਾ ਉਹ ਸਮਰਥਨ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ। ਮੁਫਤੀ ਨੇ ਕਿਹਾ ਕਿ ਪ੍ਰਸ਼ਾਸਨ ਆਪਣੇ ਨੁਮਾਇੰਦਿਆਂ ਦੇ ਸਮਰਥਨ ਵਿਚ ਅਜੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਿਹਾ ਹੈ ਕਿਉਂਕਿ ਉਹ ਸ਼੍ਰੀਨਗਰ ਅਤੇ ਬਾਰਾਮੁੱਲਾ ਦੀਆਂ ਦੋ ਸੀਟਾਂ ’ਤੇ ਚੋਣਾਂ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਹਨ।


Tanu

Content Editor

Related News