''ਰੈਟ ਹੋਲ ਖਾਨ'' ''ਚ ਦਿੱਸੀ ਇਕ ਹੋਰ ਲਾਸ਼, 13 ਦੀ ਭਾਲ ਅਜੇ ਵੀ ਜਾਰੀ
Sunday, Jan 27, 2019 - 02:10 PM (IST)

ਮੇਘਾਲਿਆ— ਮੇਘਾਲਿਆ ਦੇ ਪੂਰਬੀ ਜਯੰਤਿਆ ਹਿੱਲਜ਼ ਜ਼ਿਲੇ ਦੀ ਗੈਰ-ਕਾਨੂੰਨੀ ਕੋਲਾ ਖਾਨ ਵਿਚ ਬੀਤੇ ਸਾਲ 13 ਦਸੰਬਰ ਤੋਂ ਫਸੇ ਹੋਏ ਮਜ਼ਦੂਰਾਂ 'ਚੋਂ ਇਕ ਹੋਰ ਲਾਸ਼ ਦਾ ਪਤਾ ਜਲ ਸੈਨਾ ਦੇ ਗੋਤਾਖੋਰਾਂ ਨੇ ਲਾਇਆ ਹੈ। ਖਾਨ ਅੰਦਰ 15 ਮਜ਼ਦੂਰ ਫਸ ਗਏ ਸਨ, ਜਿਨ੍ਹਾਂ 'ਚੋਂ ਅਜੇ ਇਕ ਦੀ ਹੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਬਾਕੀਆਂ ਦੀ ਭਾਲ ਅਜੇ ਵੀ ਜਾਰੀ ਹੈ। ਜ਼ਿਲਾ ਕਮਿਸ਼ਨਰ ਐੱਫ. ਐੱਮ. ਡੋਪਥ ਨੇ ਦੱਸਿਆ ਕਿ ਭਾਰਤੀ ਜਲ ਸੈਨਾ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਕੱਲ ਤੜਕੇ 3 ਵਜੇ ਇਕ ਹੋਰ ਲਾਸ਼ ਦਾ ਪਤਾ ਲੱਗਿਆ ਹੈ ਅਤੇ 280 ਫੁੱਟ ਹੇਠਾਂ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਪੂਰੀ ਤਰ੍ਹਾਂ ਨਾਲ ਸੜ ਚੁੱਕੀ ਹੈ ਅਤੇ ਇਸ ਨੂੰ ਖਾਨ 'ਚੋਂ ਬਾਹਰ ਕੱਢਣ ਦਾ ਕੰਮ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਖਾਨ ਦੇ ਅੰਦਰ ਲਾਸ਼ ਨਜ਼ਰ ਆਉਣ ਤੋਂ ਬਾਅਦ ਜਲ ਸੈਨਾ ਦੇ ਗੋਤਾਖੋਰ ਇਸ ਨੂੰ ਮੁਹਾਨੇ ਤਕ ਲੈ ਕੇ ਆਏ। ਇਸ ਕੋਲਾ ਖਾਨ ਨੂੰ 'ਰੈਟ ਹੋਲ ਖਾਨ' ਨਾਲ ਵੀ ਜਾਣਿਆ ਜਾਂਦਾ ਹੈ। ਮਜ਼ਦੂਰ ਕੋਲਾ ਖਾਨ ਵਿਚ ਅਚਾਨਕ ਪਾਣੀ ਭਰ ਜਾਣ ਕਾਰਨ ਫਸ ਗਏ ਸਨ। ਹੁਣ ਤਕ ਦੇ ਬਚਾਅ ਸਬੰਧੀ ਕੋਸ਼ਿਸ਼ਾਂ ਦੇ ਲਗਾਤਾਰ ਫੇਲ ਹੋਣ ਤੋਂ ਬਾਅਦ ਇਹ ਉਮੀਦ ਬੇਹੱਦ ਘੱਟ ਹੋ ਗਈ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਜਾ ਸਕੇਗਾ। ਇਸ ਬਚਾਅ ਮੁਹਿੰਮ ਨੂੰ ਦੇਸ਼ ਦੀ ਸਭ ਤੋਂ ਲੰਬੀ ਬਚਾਅ ਮੁਹਿੰਮ ਦੱਸਿਆ ਜਾ ਰਿਹਾ ਹੈ।