ਮੇਰਠ ’ਚ ਝੁੱਗੀ ’ਚ ਰਹਿਣ ਵਾਲੀ ਔਰਤ ਨੇ ਕੀਤਾ 357 ਕਰੋੜ ਰੁਪਏ ਦਾ ਟੈਕਸ ਫਰਾਡ

Sunday, Jul 19, 2026 - 02:26 AM (IST)

ਮੇਰਠ ’ਚ ਝੁੱਗੀ ’ਚ ਰਹਿਣ ਵਾਲੀ ਔਰਤ ਨੇ ਕੀਤਾ 357 ਕਰੋੜ ਰੁਪਏ ਦਾ ਟੈਕਸ ਫਰਾਡ

ਮੇਰਠ - ਇਨਕਮ ਟੈਕਸ ਵਿਭਾਗ ਨੇ 357 ਕਰੋੜ ਰੁਪਏ ਦੇ ਕਥਿਤ ਟੈਕਸ ਰਿਫੰਡ ਫਰਜ਼ੀਵਾੜੇ ਦਾ ਪਰਦਾਫਾਸ਼ ਕਰਦਿਆਂ ਮੇਰਠ ਦੀ ਝੁੱਗੀ ਵਿਚ ਰਹਿਣ ਵਾਲੀ 30 ਸਾਲਾ ਔਰਤ ਨੂੰ ਇਸ ਨੈੱਟਵਰਕ ਦੀ ਮਾਸਟਰਮਾਈਂਡ ਦੱਸਿਆ ਹੈ। ਦੋਸ਼ ਹੈ ਕਿ ਔਰਤ ਨੇ ਇਨਕਮ ਟੈਕਸ ਐਕਟ ਦੀ ਧਾਰਾ 80 ਜੀ. ਜੀ. ਸੀ. ਦੀ ਦੁਰਵਰਤੋਂ ਕਰ ਕੇ ਫਰਜ਼ੀ ਸਿਆਸੀ ਚੰਦੇ ਦੇ ਅਾਧਾਰ ’ਤੇ 3000 ਤੋਂ ਵੱਧ ਲੋਕਾਂ ਲਈ ਕਰੀਬ 65.5 ਕਰੋੜ ਰੁਪਏ ਦਾ ਗਲਤ ਟੈਕਸ ਰਿਫੰਡ ਹਾਸਲ ਕਰਵਾਇਆ। ਜਾਂਚ ਮੁਤਾਬਕ, ਔਰਤ ਮੇਰਠ ਦੀ ਇਕ ਝੁੱਗੀ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਕਰੀਬ 225 ਵਰਗ ਫੁੱਟ ਦੇ ਮਕਾਨ ਤੋਂ ਪੂਰੇ ਨੈੱਟਵਰਕ ਦਾ ਸੰਚਾਲਨ ਕਰਦੀ ਸੀ। ਉਹ ਪਹਿਲਾਂ ਇਕ ਨਿੱਜੀ ਫਰਮ ਵਿਚ ਅਕਾਊਂਟੈਂਟ ਸੀ ਅਤੇ ਉੱਥੋਂ ਹਾਸਲ ਕੀਤੇ ਤਜਰਬੇ ਦੀ ਵਰਤੋਂ ਕਰ ਕੇ ਉਸ ਨੇ ਇਨਕਮ ਟੈਕਸ ਪ੍ਰਣਾਲੀ ਦੀਆਂ ਖਾਮੀਆਂ ਦਾ ਫਾਇਦਾ ਉਠਾਇਆ। ਦੋਸ਼ ਹੈ ਕਿ ਉਸ ਨੇ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨਾਂ ’ਤੇ ਫਰਜ਼ੀ ਦਾਨ ਦਿਖਾ ਕੇ ਵੱਡੇ ਪੱਧਰ ’ਤੇ ਟੈਕਸ ਰਿਫੰਡ ਦੇ ਦਾਅਵੇ ਦਾਖਲ ਕਰਵਾਏ।

ਲਾਭਪਾਤਰੀਆਂ ਦੀ ਪਛਾਣ ਕਰ ਕੇ ਨੋਟਿਸ ਭੇਜਣ ਦੀ ਤਿਆਰੀ ਕਰ ਰਿਹੈ ਇਨਕਮ ਟੈਕਸ ਵਿਭਾਗ
ਇਨਕਮ ਟੈਕਸ ਵਿਭਾਗ ਨੇ ਔਰਤ ਨਾਲ ਜੁੜੇ 4 ਟਿਕਾਣਿਆਂ ਅਤੇ 2 ਬੈਂਕ ਲਾਕਰਾਂ ਦੀ ਤਲਾਸ਼ੀ ਦੌਰਾਨ 5 ਲੱਖ ਰੁਪਏ ਨਕਦ, ਕਰੀਬ 4 ਕਰੋੜ ਰੁਪਏ ਦੀ ਐੱਫ. ਡੀ., ਬਹੀ-ਖਾਤੇ, ਕੰਪਿਊਟਰ, ਲੈਪਟਾਪ ਅਤੇ ਵੱਡੀ ਮਾਤਰਾ ਵਿਚ ਡਿਜੀਟਲ ਤੇ ਦਸਤਾਵੇਜ਼ੀ ਸਬੂਤ ਬਰਾਮਦ ਕੀਤੇ ਹਨ। ਇਨ੍ਹਾਂ ਵਿਚ ਹਜ਼ਾਰਾਂ ਕਥਿਤ ਗਾਹਕਾਂ ਦਾ ਰਿਕਾਰਡ ਵੀ ਮਿਲਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਔਰਤ ਨੇ ਰੈਫਰਲ ਨੈੱਟਵਰਕ ਰਾਹੀਂ ਦੇਸ਼ ਭਰ ਵਿਚ ਗਾਹਕਾਂ ਦਾ ਜਾਲ ਵਿਛਾਇਆ ਅਤੇ ਫਰਜ਼ੀ ਕਟੌਤੀਆਂ ਰਾਹੀਂ ਵੱਧ ਟੈਕਸ ਰਿਫੰਡ ਦਿਵਾਉਣ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਜੋੜਿਆ। ਹੁਣ ਇਨਕਮ ਟੈਕਸ ਵਿਭਾਗ ਲਾਭਪਾਤਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਿਹਾ ਹੈ। ਮਾਮਲੇ ਵਿਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News