ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ
Sunday, Oct 30, 2022 - 10:28 AM (IST)
ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ’ਚ ਇਨ੍ਹੀਂ ਦਿਨੀਂ ਬਾਹੂਬਲੀ ਸਮੋਸਾ ਸੁਰਖੀਆਂ ’ਚ ਹੈ। ਇਹ ਸਮੋਸਾ ਇਕ-ਦੋ ਨਹੀਂ, ਸਗੋਂ 8 ਕਿਲੋ ਦਾ ਹੈ। ਦੀਵਾਲੀ ’ਤੇ ਇਸ ਦੀ ਖੂਬ ਡਿਮਾਂਡ ਰਹੀ। ਮੇਰਠ ਦੇ ਕੈਂਟ ਇਲਾਕੇ ’ਚ ਸਥਿਤ ਲਾਲਕੁਰਤੀ ਦੇ ਕੌਸ਼ਲ ਸਵੀਟਸ ਨੇ ਇਹ ਸਮੋਸਾ ਤਿਆਰ ਕੀਤਾ। ਦੁਕਾਨ ਦੇ ਮਾਲਕ ਸ਼ੁਭਮ ਨੇ ਦੱਸਿਆ ਕਿ ਪਹਿਲੀ ਵਾਰ ਇਹ ਸਮੋਸਾ ਬਣਾਇਆ ਗਿਆ। ਧਨਤੇਰਸ ’ਤੇ 8 ਕਿਲੋ ਦਾ ਸਮੋਸਾ ਬਣਾਇਆ ਗਿਆ, ਜਿਸ ਨੂੰ ਗਾਹਕਾਂ ਨੇ ਖੂਬ ਪਸੰਦ ਕੀਤਾ।
ਸ਼ੁਭਮ ਨੇ ਦੱਸਿਆ ਕਿ ਇਸ ਨੂੰ ਬਣਾਉਣ ’ਚ ਪੂਰੇ 5 ਘੰਟੇ ਲੱਗੇ। ਡੇਢ ਘੰਟਾ ਤਾਂ ਸਿਰਫ ਕੜਾਹੀ ’ਚ ਸਮੋਸੇ ਨੂੰ ਤਲਣ ’ਚ ਲੱਗਾ। ਸਾਧਾਰਨ ਸਮੋਸੇ ਕੜਾਹੀ ’ਚ ਪਲਟ ਕੇ ਪਕਾ ਲਏ ਜਾਂਦੇ ਹਨ ਪਰ ਇਹ ਇੰਨਾ ਵੱਡਾ ਸਮੋਸਾ ਹੈ ਕਿ ਇਸ ਨੂੰ ਕੜਾਹੀ ਵਿਚ ਘੁਮਾ ਜਾਂ ਪਲਟ ਨਹੀਂ ਸਕਦੇ ਸੀ, ਇਸ ਲਈ ਸਮੋਸੇ ਨੂੰ ਪਕਾਉਣ ਲਈ 3 ਕਾਰੀਗਰ ਲੱਗੇ, ਜਿਨ੍ਹਾਂ ਨੇ ਲਗਾਤਾਰ ਉੱਪਰੋਂ ਜੋ ਸਮੋਸੇ ’ਤੇ ਗਰਮ ਤੇਲ ਪਾ ਕੇ ਇਸ ਨੂੰ ਸਾਰੇ ਪਾਸਿਆਂ ਤੋਂ ਪਕਾਇਆ।
8 ਕਿਲੋ ਦਾ ਸਮੋਸਾ ਬਣਾਉਣ ਲਈ ਸਾਢੇ 3 ਕਿਲੋ ਤੋਂ ਵੱਧ ਮੈਦਾ ਲੱਗਾ। ਫਿਲਿੰਗ ਬਣਾਉਣ ਲਈ ਢਾਈ ਕਿੱਲੋ ਆਲੂ, ਡੇਢ ਕਿੱਲੋ ਮਟਰ, ਅੱਧਾ ਕਿੱਲੋ ਤੋਂ ਵੱਧ ਪਨੀਰ ਲੱਗਾ। ਇਸ ਦੇ ਨਾਲ ਹੀ ਅੱਧਾ ਕਿੱਲੋ ਤੋਂ ਵੱਧ ਕਾਜੂ, ਕਿਸ਼ਮਿਸ਼, ਖਰਬੂਜੇ ਦੇ ਬੀਜ ਆਦਿ ਮਿਕਸ ਸੁੱਕੇ ਮੇਵੇ ਪਾਏ ਗਏ। ਕੁਝ ਮਸਾਲੇ ਵੀ ਪਾਏ ਗਏ। 8 ਕਿਲੋ ਦੇ ਸਮੋਸੇ ਨੂੰ 30 ਲੋਕ ਆਰਾਮ ਨਾਲ ਖਾ ਸਕਦੇ ਹਨ। ਜਦੋਂ ਪਹਿਲੀ ਵਾਰ ਬਾਹੂਬਲੀ ਸਮੋਸਾ ਬਣਾਇਆ ਗਿਆ ਤਾਂ ਇਸ ਨੂੰ 150 ਲੋਕਾਂ ’ਚ ਵੰਡਿਆ ਗਿਆ। ਇਸ ਸਮੋਸੇ ਨੂੰ ਬਣਾਉਣ ’ਚ 1100 ਰੁਪਏ ਦਾ ਖਰਚਾ ਆਇਆ।
ਸ਼ੁਭਮ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 4 ਕਿਲੋ ਦਾ ਸਮੋਸਾ ਬਣਾਇਆ ਗਿਆ ਸੀ ਫਿਰ 8 ਕਿਲੋ ਅਤੇ ਹੁਣ 10 ਕਿਲੋ ਦਾ ਸਮੋਸਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 10 ਕਿਲੋ ਦੇ ਸਮੋਸੇ ਦੀ ਲਾਗਤ 1500 ਰੁਪਏ ਹੋਵੇਗੀ। ਇਹ 6 ਕਿਲੋ ਮੈਦੇ ਨਾਲ ਬਣੇਗਾ। ਇਸ ਦੇ ਨਾਲ ਹੀ 5 ਕਿਲੋ ਦੀ ਜਲੇਬੀ ਬਣਾਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਸ਼ੁਭਮ ਨੇ ਦੱਸਿਆ ਕਿ 10 ਕਿਲੋ ਦੇ ਸਮੋਸੇ ਨੂੰ ਅੱਧੇ ਘੰਟੇ ’ਚ ਖਾਣ ਵਾਲੇ ਨੂੰ 51,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।