ਮੀਨਾਕਸ਼ੀ ਲੇਖੀ ਨੇ ਕੀਤਾ ਆਪਣੇ ਜਵਾਬ ਦਾ ਬਚਾਅ
Friday, Dec 15, 2023 - 01:05 PM (IST)
ਨਵੀਂ ਦਿੱਲੀ- ਦਿੱਲੀ ਦੀ ਫਾਇਰ-ਬ੍ਰਾਂਡ ਲੋਕ ਸਭਾ ਮੈਂਬਰ ਅਤੇ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਉਸ ਸਮੇਂ ਹੰਗਾਮਾ ਖੜਾ ਕਰ ਦਿੱਤਾ ਜਦੋਂ ਉਨ੍ਹਾਂ ਨੇ ਲੋਕ ਸਭਾ ’ਚ ਆਪਣੇ ਇਕ ਜਵਾਬ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਦੀ ਵੀ ਜਵਾਬ ’ਤੇ ਦਸਤਖਤ ਨਹੀਂ ਕੀਤੇ। ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਪਰ ਫਿਰ ਵੀ ਉਨ੍ਹਾਂ ਨੇ ਐਕਸ (ਜਿਸਨੂੰ ਟਵਿੱਟਰ ਵਜੋਂ ਜਾਣਿਆ ਜਾਂਦਾ ਹੈ) ’ਤੇ ਆਪਣੀ ਸ਼ਿਕਾਇਤ ਜਨਤਕ ਕਰਨ ਦਾ ਬਦਲ ਚੁਣਿਆ।
ਸਵਾਲ ਇਹ ਸੀ ਕਿ ਕੀ ਸਰਕਾਰ ਦੀ ਹਮਾਸ ਨੂੰ ਅੱਤਵਾਦੀ ਸੰਗਠਨ ਐਲਾਨ ਕਰਨ ਦੀ ਕੋਈ ਯੋਜਨਾ ਹੈ ਅਤੇ ਕੀ ਇਜ਼ਰਾਈਲ ਨੇ ਵਿਸ਼ੇਸ਼ ਤੌਰ ’ਤੇ ਨਵੀਂ ਿਦੱਲੀ ਨੂੰ ਅਜਿਹਾ ਕਰਨ ਲਈ ਕਿਹਾ ਹੈ। ਸਵਾਲ ਦਾ ਜਵਾਬ ਉਨ੍ਹਾਂ ਦੇ ਨਾਂ ਤੋਂ ਪਿਛਲੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ। ਲੇਖੀ ਨੇ ਆਪਣੀ ਪੋਸਟ ਨਾਲ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕਰਦੇ ਹੋਏ ਕਿਹਾ ਕਿ ਜਾਂਚ ’ਚ ਮੁਲਜ਼ਮ ਦਾ ਖੁਲਾਸਾ ਹੋਵੇਗਾ।
ਮੀਨਾਕਸ਼ੀ ਲੇਖੀ ਨੂੰ ਇਸ ਬਾਰੇ ਟਵੀਟ ਕੀਤੇ ਜਾਣ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ। ਸੰਵਿਧਾਨ ਦੇ ਆਰਟੀਕਲ 75(3) ਵਿਚ ਕਿਹਾ ਗਿਆ ਹੈ ਕਿ ਮੰਤਰੀ ਪ੍ਰੀਸ਼ਦ ਸਮੂਹਿਕ ਤੌਰ ’ਤੇ ਲੋਕ ਸਭਾ ਪ੍ਰਤੀ ਜ਼ਿੰਮੇਵਾਰ ਹੋਵੇਗੀ, ਜਿਸ ਨਾਲ ਹਰ ਮੰਤਰੀ ਨੂੰ ਸਰਕਾਰੀ ਨੀਤੀ ’ਤੇ ਇਕ ਸੁਰ ’ਚ ਬੋਲਣ ਲਈ ਪਾਬੰਦ ਹੋ ਜਾਂਦਾ ਹੈ।
ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ਇਸ ਆਧਾਰ ’ਤੇ ਲੋਕ ਸਭਾ ’ਚ ਮੁਲਤਵੀ ਮਤਾ ਵੀ ਪੇਸ਼ ਕੀਤਾ ਕਿ ਲੇਖੀ ਨੇ ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਹੈ। ਹਾਲਾਂਕਿ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸਪੱਸ਼ਟ ਕੀਤਾ ਕਿ ਤਕਨੀਕੀ ਸੁਧਾਰ ਦੀ ਲੋੜ ਸੀ ਕਿਉਂਕਿ ਇਕ ਹੋਰ ਜੂਨੀਅਰ ਮੰਤਰੀ ਵੀ. ਮੁਰਲੀਧਰਨ ਨੇ ਅਜਿਹਾ ਕੀਤਾ ਸੀ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ 22 ਦਸੰਬਰ ਨੂੰ ਖਤਮ ਹੋਣ ਤੋਂ ਬਾਅਦ ਆਉਣ ਵਾਲੇ ਦਿਨਾਂ ਵਿਚ ਅਜਿਹੀਆਂ ਹੋਰ ਘਟਨਾਵਾਂ ਸਾਹਮਣੇ ਆਉਣਗੀਆਂ।