ਅੱਤਵਾਦੀਆਂ ਦਾ ਪਨਾਹਗਾਹ ਬਣਿਆ ਕੈਨੇਡਾ, ਪਾਕਿਸਤਾਨ ਕਰ ਰਿਹੈ ਮਦਦ : ਵਿਦੇਸ਼ ਮੰਤਰਾਲਾ

09/21/2023 5:42:55 PM

ਨਵੀਂ ਦਿੱਲੀ- ਕੈਨੇਡਾ 'ਚ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ 'ਭਾਰਤ ਸਰਕਾਰ ਦੇ ਏਜੰਟ ਦਾ ਹੱਥ' ਹੋਣ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਮਗਰੋਂ ਭਾਰਤ-ਕੈਨੇਡਾ ਵਿਚਾਲੇ ਸਬੰਧਾਂ 'ਚ ਖਿਚੋਤਾਣ ਜਾਰੀ ਹੈ। ਕੈਨੇਡੀਅਨ ਸਰਕਾਰ ਨੇ ਭਾਰਤੀ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਉੱਥੇ ਹੀ ਜਵਾਬੀ ਕਾਰਵਾਈ 'ਚ ਭਾਰਤ ਨੇ ਵੀ ਕੈਨੇਡਾ ਦੇ ਡਿਪਲੋਮੈਟ ਨੂੰ ਤਲਬ ਕੀਤਾ ਅਤੇ 5 ਦਿਨ ਦੇ ਅੰਦਰ ਦੇਸ਼ ਛੱਡਣ ਲਈ ਕਿਹਾ। 

ਇਹ ਵੀ ਪੜ੍ਹੋ-  ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਦਰਾੜ, ਟਰੂਡੋ ਦੇ ਬਿਆਨ ਮਗਰੋਂ ਇਸ ਮਾਮਲੇ 'ਚ ਹੁਣ ਤੱਕ ਕੀ-ਕੀ ਹੋਇਆ

ਇਸ ਪੂਰੇ ਮਾਮਲੇ ਮਗਰੋਂ ਵਿਦੇਸ਼ ਮੰਤਰਾਲਾ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਕਿਹਾ ਕਿ ਕੈਨੇਡਾ ਦੇ ਦੋਸ਼ ਬੇਬੁਨਿਆਦ ਹਨ। ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਵਿਦੇਸ਼ ਮੰਤਰਾਲਾ ਮੁਤਾਬਕ ਵੀਜ਼ਾ ਅਰਜ਼ੀ ਅਸਥਾਈ ਤੌਰ 'ਤੇ ਮੁਅੱਤਲ ਕੀਤੀ ਗਈ ਹੈ। ਬਾਗਚੀ ਨੇ ਇਸ ਦੇ ਨਾਲ ਹੀ ਕਿਹਾ ਕਿ ਕੈਨੇਡਾ 'ਚ ਭਾਰਤੀ ਡਿਪਲੋਮੈਟਾ ਨੂੰ ਖਤਰਾ ਹੈ। ਕੈਨੇਡਾ, ਅੱਤਵਾਦੀ ਗਤੀਵਿਧੀਆਂ ਦਾ ਅੱਡਾ ਅਤੇ ਪਨਾਹਗਾਹ ਬਣ ਰਿਹਾ ਹੈ। ਇਸ ਕੰਮ 'ਚ  ਪਾਕਿਸਤਾਨ, ਕੈਨੇਡਾ ਦੀ ਮਦਦ ਕਰ ਰਿਹਾ ਹੈ। ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਜੇਕਰ ਕਿਸੇ ਦੇਸ਼ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ, ਤਾਂ ਉਹ ਕੈਨੇਡਾ ਹੈ। 

ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਦੀ ਟ੍ਰੈਵਲ ਐਡਵਾਈਜ਼ਰੀ ਨੂੰ ਕੀਤਾ ਰੱਦ, ਸ਼ਾਂਤੀ ਦੀ ਕੀਤੀ ਅਪੀਲ

ਬਾਗਚੀ ਮੁਤਾਬਕ ਕੈਨੇਡਾ ਨੇ ਨਿੱਝਰ ਦੇ ਕਤਲਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਅਸੀਂ ਉਪਲੱਬਧ ਕਰਵਾਈ ਗਈ ਕਿਸੇ ਵੀ ਜਾਣਕਾਰੀ 'ਤੇ ਗੌਰ ਕਰਨ ਲਈ ਤਿਆਰ ਹਾਂ ਪਰ ਅਜੇ ਤੱਕ ਸਾਨੂੰ ਕੈਨੇਡਾ ਤੋਂ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲੀ। ਸਾਡੇ ਵਲੋਂ ਕੈਨੇਡਾ ਵਿਚ ਰਹਿ ਰਹੇ ਕੁਝ ਲੋਕਾਂ ਵਲੋਂ ਅਪਰਾਧਕ ਗਤੀਵਿਧੀਆਂ ਬਾਰੇ ਸਬੂਤ ਕੈਨੇਡਾ ਨਾਲ ਸਾਂਝਾ ਕੀਤੇ ਗਏ ਹਨ ਪਰ ਉਨ੍ਹਾਂ 'ਤੇ ਕਾਰਵਾਈ ਨਹੀਂ ਕੀਤੀ ਗਈ ਹੈ। ਕੈਨੇਡਾ ਦੇ ਦੋਸ਼ਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹਾਂ, ਇਹ ਮੁੱਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਚੁੱਕਿਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਭਾਰਤ ਦੀ BLS ਏਜੰਸੀ ਨੇ ਕੈਨੇਡੀਅਨਾਂ ਲਈ ਵੀਜ਼ਾ ਮੁਅੱਤਲ ਦਾ ਨੋਟਿਸ ਮੁੜ ਲਗਾਇਆ

ਕੈਨੇਡਾ ਵਿਚ ਭਾਰਤੀ ਵਣਜ ਦੂਤਘਰ ਵਿਚ ਸੁਰੱਖਿਆ ਵਧਾਉਣ ਦੇ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਬਾਗਚੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੁਰੱਖਿਆ ਪ੍ਰਦਾਨ ਕਰਨਾ ਮੇਜ਼ਬਾਨ ਸਰਕਾਰ ਦੀ ਜ਼ਿੰਮੇਵਾਰੀ ਹੈ। ਕੁਝ ਥਾਵਾਂ 'ਤੇ ਸਾਡੀ ਆਪਣੀ ਸੁਰੱਖਿਆ ਵਿਵਸਥਾ ਵੀ ਹੈ ਪਰ ਇਸ 'ਤੇ ਜਨਤਕ ਰੂਪ ਨਾਲ ਚਰਚਾ ਕਰਨਾ ਠੀਕ ਨਹੀਂ ਹੈ। ਇਹ ਉੱਚਿਤ ਸਥਿਤੀ ਨਹੀਂ ਹੈ। ਬਾਗਚੀ ਨੇ ਕਿਹਾ ਕਿ ਕੈਨੇਡਾ 'ਚ ਸੁਰੱਖਿਅਤ ਆਸਰਾ ਪ੍ਰਦਾਨ ਕੀਤਾ ਜਾ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਸਰਕਾਰ ਉਨ੍ਹਾਂ ਲੋਕਾਂ ਖ਼ਿਲਾਫ ਕਾਰਵਾਈ ਕਰੇ ਜਿਨ੍ਹਾਂ 'ਤੇ ਅੱਤਵਾਦ ਦੇ ਦੋਸ਼ ਹਨ ਜਾਂ ਉਨ੍ਹਾਂ ਨੂੰ ਇੱਥੇ ਭੇਜੋ। ਅਸੀਂ ਪਿਛਲੇ ਕੁਝ ਸਾਲਾਂ ਵਿਚ 20-25 ਤੋਂ ਵੱਧ ਲੋਕਾਂ ਦੀ ਹਵਾਲਗੀ ਜਾਂ ਕਾਰਵਾਈ ਲਈ ਕੈਨੇਡਾ ਸਰਕਾਰ ਨੂੰ ਬੇਨਤੀ ਕੀਤੀ ਪਰ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ।

ਕੈਨੇਡਾ 'ਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਬਾਰੇ ਬਾਗਚੀ ਨੇ ਕਿਹਾ ਕਿ ਅਸੀਂ ਸਾਵਧਾਨੀ ਵਰਤਣ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਡਾ ਵਣਜ ਦੂਤਘਰ ਉੱਥੇ ਕੰਮ ਕਰ ਰਿਹਾ ਹੈ। ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਾਡੇ ਵਣਜ ਦੂਤਘਰ ਨਾਲ ਸੰਪਰਕ ਕਰਨ, ਸਾਡੀ ਵੀਜ਼ਾ ਪਾਲਿਸੀ ਤੋਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਣਾ ਚਾਹੀਦਾ ਕਿਉਂਕਿ ਉਹ ਭਾਰਤ ਦੇ ਨਾਗਰਿਕ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Tanu

Content Editor

Related News