ਕਿਸਾਨ ਅੰਦੋਲਨ ’ਤੇ ਕੌਮਾਂਤਰੀ ਹਸਤੀਆਂ ਦੀਆਂ ਟਿੱਪਣੀਆਂ ਬਰਦਾਸ਼ਤ ਨਹੀਂ: ਵਿਦੇਸ਼ ਮੰਤਰਾਲਾ
Wednesday, Feb 03, 2021 - 05:56 PM (IST)
ਨਵੀਂ ਦਿੱਲੀ— ਭਾਰਤ ਨੇ ਕੌਮਾਂਤਰੀ ਹਸਤੀਆਂ ਵਲੋਂ ਭਾਰਤ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਗੈਰ-ਜ਼ਿੰਮੇਦਰਾਨਾ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲਾ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਅੰਦੋਲਨ ਨੂੰ ਲੈ ਕੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਦੱਸਣਯੋਗ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਅਮਰੀਕੀ ਪੌਪ ਸਟਾਰ ਰਿਹਾਨਾ, ਮੌਸਮ ਤਬਦੀਲੀ ਕਾਰਕੁੰਨ ਗਰੇਟਾ ਥਨਬਰਗ ਸਮੇਤ ਕਈ ਹਸਤੀਆਂ ਦੇ ਬਿਆਨ ਸਾਹਮਣੇ ਆਏ ਹਨ। ਜਿਸ ਮਗਰੋਂ ਵਿਦੇਸ਼ ਮੰਤਰਾਲਾ ਦਾ ਇਹ ਬਿਆਨ ਸਾਹਮਣੇ ਆਇਆ ਹੈ। ਬਿਆਨ ’ਚ ਕਿਹਾ ਗਿਆ ਕਿ ਭਾਰਤ ਦੇ ਲੋਕਤੰਤਰ ’ਚ ਪ੍ਰਦਰਸ਼ਨ ਕਰਨ ਦਾ ਹੱਕ ਹੈ। ਅਜਿਹੇ ਵਿਚ ਬਾਹਰੀ ਲੋਕਾਂ ਨੂੰ ਆਪਣਾ ਏਜੰਡਾ ਨਹੀਂ ਚਲਾਉਣਾ ਚਾਹੀਦਾ।
ਵਿਦੇਸ਼ ਮੰਤਰਾਲਾ ਨੇ ਬਿਆਨ ’ਚ ਇਹ ਵੀ ਕਿਹਾ ਕਿ ਭਾਰਤ ਦੀ ਸੰਸਦ ਨੇ ਖੇਤੀ ਕਾਨੂੰਨਾਂ ’ਚ ਸੁਧਾਰ ਲਿਆਉਣ ਵਾਲੇ ਕਾਨੂੰਨ ਬਹਿਸ ਅਤੇ ਚਰਚਾ ਤੋਂ ਬਾਅਦ ਬਣਾਏ ਹਨ। ਇਹ ਸੁਧਾਰ ਕਿਸਾਨਾਂ ਲਈ ਵੱਧ ਬਦਲ ਅਤੇ ਬਾਜ਼ਾਰ ਤੱਕ ਸਿੱਧੀ ਪਹੁੰਚ ਯਕੀਨੀ ਕਰਦੇ ਹਨ। ਬਿਆਨ ’ਚ ਇਹ ਵੀ ਕਿਹਾ ਗਿਆ ਕਿ ਭਾਰਤ ਦੇ ਕੁਝ ਹਿੱਸਿਆਂ ਵਿਚ ਕਿਸਾਨਾਂ ਦੇ ਛੋਟੇ ਵਰਗ ਨੂੰ ਇਨ੍ਹਾਂ ਖੇਤੀ ਸੁਧਾਰਾਂ ’ਤੇ ਕੁਝ ਇਤਰਾਜ਼ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸਰਕਾਰ ਨੇ ਉਨ੍ਹਾਂ ਦੇ ਆਗੂਆਂ ਨਾਲ ਕਈ ਦੌਰ ਦੀਆਂ ਬੈਠਕਾਂ ਕੀਤੀਆਂ ਹਨ। ਕੇਂਦਰੀ ਮੰਤਰੀ ਗੱਲਬਾਤ ’ਚ ਸ਼ਾਮਲ ਹਨ ਅਤੇ ਹੁਣ ਤੱਕ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਸਰਕਾਰ ਨੇ ਕਾਨੂੰਨਾਂ ਨੂੰ ਡੇਢ ਸਾਲ ਤੱਕ ਪੈਂਡਿੰਗ ਰੱਖਣ ਦੀ ਤਜਵੀਜ਼ ਕੀਤੀ ਹੈ।
ਵਿਦੇਸ਼ ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਇਹ ਵੇਖ ਕੇ ਦੁੱਖ ਹੋਇਆ ਕਿ ਕੁਝ ਸੰਗਠਨ ਅਤੇ ਲੋਕ ਆਪਣਾ ਏਜੰਡਾ ਥੋਪਣ ਲਈ ਇਸ ਤਰ੍ਹਾਂ ਦਾ ਬਿਆਨ ਜਾਰੀ ਕਰ ਰਹੇ ਹਨ। ਜਿਸ ਕਾਰਨ ਗਣਤੰਤਰ ਦਿਵਸ ਦੇ ਦਿਨ ਹਿੰਸਾ ਹੋਈ ਅਤੇ ਇਸ ਤੋਂ ਇਲਾਵਾ ਕੁਝ ਹਿੱਸਿਆਂ ’ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।