ਰਿਕਾਰਡ 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਐੱਮ.ਸੀ. ਮੈਰੀਕਾਮ ਨੇ ਬਾਕਸਿੰਗ 'ਚੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Thursday, Jan 25, 2024 - 01:54 AM (IST)
ਸਪੋਰਟਸ ਡੈਸਕ- 6 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਅਤੇ 2012 ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤ ਦੀ ਮਹਾਨ ਬਾਕਸਰ ਐੱਮ.ਸੀ. ਮੈਰੀਕਾਮ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਉਸ ਨੇ ਇਹ ਫੈਸਲਾ ਅੰਤਰਰਾਸ਼ਟਰੀ ਬਾਕਸਿੰਗ ਐਸੋਸੀਏਸ਼ਨ ਦੇ ਨਿਯਮ ਤਹਿਤ ਲਿਆ ਹੈ, ਜਿਸ ਅਨੁਸਾਰ 40 ਸਾਲ ਤੋਂ ਜ਼ਿਆਦਾ ਉਮਰ ਦੇ ਬਾਕਸਰ ਇਲੀਟ ਲੈਵਲ ਮੁਕਾਬਲਿਆਂ 'ਚ ਹਿੱਸਾ ਨਹੀਂ ਲੈ ਸਕਦੇ। ਇਹ ਫ਼ੈਸਲਾ ਉਸ ਨੇ ਇਕ ਇਵੈਂਟ 'ਚ ਲਿਆ।
ਇਸ ਮੌਕੇ ਉਸ ਨੇ ਕਿਹਾ, ''ਮੇਰੇ ਅੰਦਰ ਅਜੇ ਵੀ ਖੇਡ ਪ੍ਰਤੀ ਭੁੱਖ ਬਾਕੀ ਹੈ, ਪਰ ਮੇਰੀ ਉਮਰ ਜ਼ਿਆਦਾ ਹੋ ਗਈ ਹੈ, ਜਿਸ ਕਾਰਨ ਹੁਣ ਮੈਂ ਹੋਰ ਮੁਕਾਬਲਿਆਂ 'ਚ ਹਿੱਸਾ ਨਹੀਂ ਲੈ ਸਕਦੀ। ਮੈਂ ਹੋਰ ਖੇਡਣਾ ਚਾਹੁੰਦੀ ਹਾਂ, ਪਰ ਮੇਰੀ ਉਮਰ ਅਤੇ ਨਿਯਮ ਹੁਣ ਮੈਨੂੰ ਹੋਰ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ। ਹੁਣ ਮੈਨੂੰ ਸੰਨਿਆਸ ਲੈਣਾ ਪਵੇਗਾ। ਮੈਂ ਆਪਣੀ ਜ਼ਿੰਦਗੀ 'ਚ ਸਭ ਕੁਝ ਹਾਸਲ ਕਰ ਲਿਆ ਹੈ।''
ਦੱਸ ਦੇਈਏ ਕਿ ਮੈਰੀਕਾਮ ਬਾਕਸਿੰਗ ਇਤਿਹਾਸ 'ਚ ਪਹਿਲੀ ਮਹਿਲਾ ਬਾਕਸਰ ਹੈ, ਜੋ ਕਿ 6 ਵਾਰ ਵਿਸ਼ਵ ਚੈਂਪੀਅਨ ਬਣੀ ਹੋਵੇ। ਇਸ ਤੋਂ ਇਲਾਵਾ ਉਸ ਨੇ 5 ਵਾਰ ਏਸ਼ੀਆਈ ਚੈਂਪੀਅਨ ਰਹਿ ਚੁੱਕੀ ਮੈਰੀਕਾਮ ਏਸ਼ੀਅਨ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੀ ਵੀ ਪਹਿਲੀ ਭਾਰਤੀ ਬਾਕਸਰ ਬਣੀ ਸੀ।
ਉਸ ਨੇ ਸਾਲ 2005, 2006, 2008, 2010, 2012 ਅਤੇ 2018 'ਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ ਸੀ। ਸਾਲ 2012 ਤੋਂ ਬਾਅਦ ਉਸ ਨੇ ਖੇਡ ਤੋਂ ਬ੍ਰੇਕ ਲਈ ਸੀ, ਜਦੋਂ ਉਹ ਆਪਣੇ ਤੀਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਸੀ। ਪਰ ਇਸ ਤੋਂ ਬਾਅਦ ਸਾਲ 2018 'ਚ ਵਾਪਸੀ ਕਰਦੇ ਹੋਏ ਉਸ ਨੇ ਯੂਕ੍ਰੇਨ ਦੀ ਹਾਨਾ ਓਖੋਟਾ ਨੂੰ 5-0 ਨਾਲ ਹਰਾ ਕੇ ਰਿਕਾਰਡ 6ਵੀਂ ਵਾਰ ਵਿਸ਼ਵ ਚੈਂਪੀਅਨਸ਼ਿਪ 'ਤੇ ਕਬਜ਼ਾ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8