ਸਰਕਾਰੀ ਹਸਪਤਾਲ 'ਚ ਤਾਇਨਾਤ MBBS ਡਾਕਟਰ ਕੋਲ 21 ਡਿਗਰੀਆਂ! ਡੀ ਫਾਰਮਾ ਦੇ ਵੀ 9 ਫਰਜ਼ੀ ਸਰਟੀਫਿਕੇਟ
Sunday, Mar 09, 2025 - 11:51 PM (IST)

ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇਕ ਹਸਪਤਾਲ 'ਚ ਠੇਕੇ 'ਤੇ ਤਾਇਨਾਤ ਡਾਕਟਰਾਂ ਦੇ ਸਰਟੀਫਿਕੇਟਾਂ 'ਚ ਵੱਡੀ ਬੇਨਿਯਮੀਆਂ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਜੋ ਵਿਅਕਤੀ ਫੜਿਆ ਗਿਆ ਹੈ, ਉਹ ਨਾ ਸਿਰਫ਼ ਇੱਕ ਡਾਕਟਰ ਹੈ, ਸਗੋਂ ਉਸ ਕੋਲ ਐਮ.ਬੀ.ਬੀ.ਐਸ. ਦੀਆਂ 21 ਅਤੇ ਡੀ ਫਾਰਮਾ ਦੀਆਂ 9 ਜਾਅਲੀ ਡਿਗਰੀਆਂ ਹਨ। ਇੰਨਾ ਹੀ ਨਹੀਂ ਇਸ ਨੇ ਯੂਨਾਨੀ, ਹੋਮਿਓਪੈਥੀ ਅਤੇ ਆਯੁਰਵੈਦਿਕ ਡਾਕਟਰ ਵਜੋਂ ਵੀ ਕਈ ਡਿਗਰੀਆਂ ਹਾਸਲ ਕੀਤੀਆਂ ਹਨ। ਫਿਲਹਾਲ ਪੁਲਸ ਨੇ ਦੋਸ਼ੀ ਡਾਕਟਰ ਅਤੇ ਉਸ ਦੇ ਸਾਥੀ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਸ ਮੁਤਾਬਕ ਉਸ ਕੋਲੋਂ ਮਿਲੀਆਂ ਦੋ ਡਿਗਰੀਆਂ ਲਖਨਊ ਅਤੇ ਸ਼ਿਕੋਹਾਬਾਦ ਸਥਿਤ ਯੂਨੀਵਰਸਿਟੀਆਂ ਦੀਆਂ ਸਨ। ਇਨ੍ਹਾਂ ਦੋਵਾਂ ਯੂਨੀਵਰਸਿਟੀਆਂ ਦੀਆਂ 4 ਡਿਗਰੀਆਂ ਜ਼ਬਤ ਕੀਤੀਆਂ ਗਈਆਂ ਹਨ। ਜਦੋਂ ਪੁਲਸ ਟੀਮ ਨੇ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚਾਰੋਂ ਡਿਗਰੀਆਂ ਫਰਜ਼ੀ ਸਨ। ਇਸ ਖ਼ੁਲਾਸੇ ਤੋਂ ਬਾਅਦ ਪੁਲਸ ਨੇ ਇਨ੍ਹਾਂ ਦੋਵਾਂ ਕੋਲੋਂ ਬਰਾਮਦ ਕੀਤੀਆਂ ਬਾਕੀ 17 ਡਿਗਰੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਡਿਗਰੀਆਂ ਪੰਜਾਬ, ਛੱਤੀਸਗੜ੍ਹ, ਲਖਨਊ, ਮੇਰਠ, ਮੁਰਾਦਾਬਾਦ, ਕਰਨਾਟਕ, ਸ਼ਿਕੋਹਾਬਾਦ, ਰਾਜਸਥਾਨ ਦੀਆਂ ਯੂਨੀਵਰਸਿਟੀਆਂ ਦੀਆਂ ਹਨ। ਇਨ੍ਹਾਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਜਾਂਚ ਲਈ ਪੁਲਸ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।
24 ਫਰਵਰੀ ਨੂੰ ਡਾਕਟਰ ਨੂੰ ਉਸ ਦੇ ਸਾਥੀ ਸਮੇਤ ਕੀਤਾ ਗ੍ਰਿਫਤਾਰ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਸ਼ਿਕਾਇਤ ਮਿਲੀ ਸੀ ਕਿ ਗੋਰਖਪੁਰ ਦੇ ਖੋਰਾਬਾਰ ਪੀ.ਐਚ.ਸੀ. ਵਿੱਚ ਠੇਕੇ 'ਤੇ ਤਾਇਨਾਤ ਡਾਕਟਰ ਰਾਜਿੰਦਰ ਕੁਮਾਰ ਕੋਲ ਜਾਅਲੀ ਐਮਬੀਬੀਐਸ ਦੀ ਡਿਗਰੀ ਹੈ। ਇਸ ਸੂਚਨਾ 'ਤੇ ਏਮਜ਼ ਖੇਤਰ ਦੀ ਆਵਾਸ ਵਿਕਾਸ ਕਾਲੋਨੀ 'ਚ ਰਹਿਣ ਵਾਲੇ ਇਸ ਡਾਕਟਰ ਅਤੇ ਉਸ ਦੇ ਸਾਥੀ ਦੀ ਥਾਣਾ ਖਲੀਲਾਬਾਦ ਕੋਤਵਾਲੀ ਦੀ ਪੁਲਸ ਨੇ ਜਾਂਚ ਕੀਤੀ। ਇਸ ਤੋਂ ਬਾਅਦ ਪੁਲਸ ਨੇ 24 ਫਰਵਰੀ ਨੂੰ ਡਾਕਟਰ ਰਾਜਿੰਦਰ ਅਤੇ ਉਸ ਦੇ ਸਾਥੀ ਸੁਸ਼ੀਲ ਚੌਧਰੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਕੋਲੋਂ 21 ਐਮਬੀਬੀਐਸ ਅਤੇ 9 ਡੀ ਫਾਰਮਾ ਦੀਆਂ ਡਿਗਰੀਆਂ ਬਰਾਮਦ ਕੀਤੀਆਂ ਸਨ।
ਕਈ ਰਾਜ ਯੂਨੀਵਰਸਿਟੀਆਂ ਤੋਂ ਡਿਗਰੀਆਂ
ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਜਾਅਲੀ ਡਿਗਰੀਆਂ ਪੰਜਾਬ, ਛੱਤੀਸਗੜ੍ਹ, ਲਖਨਊ, ਮੇਰਠ, ਮੁਰਾਦਾਬਾਦ, ਕਰਨਾਟਕ, ਸ਼ਿਕੋਹਾਬਾਦ, ਰਾਜਸਥਾਨ ਦੀਆਂ ਯੂਨੀਵਰਸਿਟੀਆਂ ਤੋਂ ਬਣਵਾਈਆਂ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਡਾ: ਰਾਜਿੰਦਰ ਕੁਮਾਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਕਰਨਾਟਕ ਯੂਨੀਵਰਸਿਟੀ ਦੇ ਨਾਂ 'ਤੇ ਆਪਣੇ ਲਈ ਐਮ.ਬੀ.ਬੀ.ਐਸ. ਦੀ ਡਿਗਰੀ ਵੀ ਲਈ ਸੀ। ਡਾਕਟਰ ਨੇ ਇਸ ਯੂਨੀਵਰਸਿਟੀ ਦੇ ਨਾਂ ’ਤੇ ਤਿੰਨ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਲਖਨਊ ਦੇ ਆਯੁਰਵੈਦਿਕ ਅਤੇ ਯੂਨਾਨੀ-ਤਿੱਬਤੀ ਮੈਡੀਕਲ ਸਿਸਟਮ ਬੋਰਡ ਤੋਂ ਦੋ ਡਿਗਰੀਆਂ ਅਤੇ ਉੱਤਰ ਪ੍ਰਦੇਸ਼ ਫਾਰਮੇਸੀ ਕੌਂਸਲ ਤੋਂ ਇਕ ਡਿਗਰੀ ਪ੍ਰਾਪਤ ਕੀਤੀ ਹੈ।