ਮਾਇਆਵਤੀ ਨੇ ਮੁਖਤਾਰ ਅੰਸਾਰੀ ਨੂੰ ਟਿਕਟ ਨਾ ਦੇਣ ਦਾ ਕੀਤਾ ਫ਼ੈਸਲਾ
Friday, Sep 10, 2021 - 10:41 AM (IST)
ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਨੇ ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਤੋਂ ਕਿਨਾਰਾ ਕਰਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਮਊ ਸੀਟ ਤੋਂ ਟਿਕਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀ ਜਗ੍ਹਾ ਪਾਰਟੀ ਪ੍ਰਧਾਨ ਭੀਮ ਰਾਜਭਰ ਚੋਣ ਲੜਨਗੇ। ਬਸਪਾ ਮੁਖੀ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,‘‘ਬਸਪਾ ਦੀ ਆਉਣ ਵਾਲੀ ਉੱਤਰ ਪ੍ਰਦੇਸ਼ ਵਿਧਾਨ ਸਭਾ ਆਮ ਚੋਣ ’ਚ ਕੋਸ਼ਿਸ਼ ਹੋਵੇਗੀ ਕਿ ਕਿਸੇ ਵੀ ਬਾਹੁਬਲੀ ਅਤੇ ਮਾਫ਼ੀਆ ਆਦਿ ਨੂੰ ਪਾਰਟੀ ਤੋਂ ਚੋਣ ਨਾ ਲੜਾਈ ਜਾਵੇ। ਇਸ ਦੇ ਮੱਦੇਨਜ਼ਰ ਵੀ ਆਜ਼ਮਗੜ੍ਹ ਮੰਡਲ ਦੀ ਮਊ ਸੀਟ ਤੋਂ ਹੁਣ ਮੁਖਤਾਰ ਅੰਸਾਰੀ ਦਾ ਨਹੀਂ ਸਗੋਂ ਬਸਪਾ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਭੀਮ ਰਾਜਭਰ ਦਾ ਨਾਮ ਤੈਅ ਕੀਤਾ ਗਿਆ ਹੈ।’’
ਇਹ ਵੀ ਪੜ੍ਹੋ : ਅੰਨ੍ਹੇ ਮਾਤਾ-ਪਿਤਾ ਅਤੇ 3 ਭੈਣ-ਭਰਾਵਾਂ ਲਈ ਈ-ਰਿਕਸ਼ਾ ਚਲਾਉਣ ਲੱਗਾ 8 ਸਾਲ ਦਾ ਬੱਚਾ
ਦੱਸਣਯੋਗ ਹੈ ਕਿ ਅੰਸਾਰੀ ਇਸ ਸਮੇਂ ਬਾਂਦਾ ਜੇਲ੍ਹ ’ਚ ਬੰਦ ਹਨ। ਉਨ੍ਹਾਂ ਕਿਹਾ,‘‘ਜਨਤਾ ਦੀ ਕਸੌਟੀ ਅਤੇ ਉਨ੍ਹਾਂ ਦੀ ਪਾਰਟੀ ਉਮੀਦਾਂ ’ਤੇ ਖਰ੍ਹਾ ਉਤਰਨ ਦੀਆਂ ਕੋਸ਼ਿਸ਼ਾਂ ਦੇ ਅਧੀਨ ਹੀ ਲਏ ਗਏ ਇਸ ਫ਼ੈਸਲੇ ਦੇ ਨਤੀਜੇ ਵਜੋਂ ਪਾਰਟੀ ਇੰਚਾਰਜਾਂ ਤੋਂ ਅਪੀਲ ਹੈ ਕਿ ਉਹ ਪਾਰਟੀ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਤਾਂ ਕਿ ਸਰਕਾਰ ਬਣਨ ’ਤੇ ਅਜਿਹੇ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨ ’ਚ ਕੋਈ ਵੀ ਪਰੇਸ਼ਾਨੀ ਨਾ ਹੋਵੇ।’’ ਮਾਇਆਵਤੀ ਨੇ ਕਿਹਾ,‘‘ਬਸਪਾ ਦਾ ਸੰਕਲਪ ‘ਕਾਨੂੰਨ ਵਲੋਂ ਕਾਨੂੰਨ ਦਾ ਰਾਜ’ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਤਸਵੀਰ ਨੂੰ ਵੀ ਹੁਣ ਬਦਲਣ ਦਾ ਹੈ ।’’ ਜ਼ਿਕਰਯੋਗ ਹੈ ਕਿ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਕਤਲਕਾਂਡ ਅਤੇ ਫਰਜ਼ੀ ਹਥਿਆਰ ਲਾਇਸੈਂਸ ਸਮੇਤ ਕਰੀਬ 52 ਮੁਕੱਦਮਿਆਂ ’ਚ ਸ਼ਾਮਲ ਮਊ ਤੋਂ ਬਸਪਾ ਵਿਧਾਇਕ ਮੁਖਤਾਰ ਨੂੰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਜੇਲ੍ਹ ਲਿਆਂਦਾ ਗਿਆ ਸੀ। ਰਾਜ ਦੀ ਯੋਗੀ ਸਰਕਾਰ ਦੇ ਆਦੇਸ਼ ’ਤੇ ਮੁਖਤਾਰ ਦੀਆਂ ਕਈ ਅਚੱਲ ਜਾਇਦਾਦਾਂ ਨੂੰ ਨਸ਼ਟ ਕੀਤਾ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ