ਸਵਾ ਸਾਲ ''ਚ ਪੀਣ ਯੋਗ ਹੋ ਜਾਵੇਗਾ ਯਮੁਨਾ ਦਾ ਪਾਣੀ : ਗਡਕਰੀ

01/23/2019 9:46:50 PM

ਮਥੁਰਾ— ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਤੇ ਮਥੁਰਾ 'ਚ ਯਮੁਨਾ ਦੀ ਸਫਾਈ ਲਈ ਜਿਸ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਉਸ ਦੇ ਪੂਰਾ ਹੋਣ 'ਤੇ ਸਵਾ ਸਾਲ ਦੇ ਅੰਦਰ ਨਦੀ ਦਾ ਪਾਣੀ ਪੀਣ ਯੋਗ ਹੋ ਜਾਵੇਗਾ। ਉੱਤਰ ਪ੍ਰਦੇਸ਼ ਦੇ ਮਥੁਰਾ ਤੇ ਆਗਰਾ ਜ਼ਿਲੇ 'ਚ 'ਨਮਾਮੀ ਗੰਗੇ' ਮਿਸ਼ਨ ਦੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਗੱਲ ਕਹੀ। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਮਥੁਰਾ 'ਚ 'ਨਮਾਮੀ ਗੰਗੇ' ਮਿਸ਼ਨ ਦੇ ਤਹਿਤ 460.45 ਕਰੋੜ ਦੀ ਲਾਗਤ ਵਾਲੇ ਮਥੁਰਾ ਤੇ ਵ੍ਰਿੰਦਾਵਨ ਦੇ ਸੀਵੇਜ ਸਿਸਟਮ ਦੀ ਨਵਿਆਉਣ ਪ੍ਰੋਜੈਕਟ ਦਾ ਉਦਘਾਟਨ ਕਰਨ ਪਹੁੰਚੇ ਸਨ।
ਗਡਕਰੀ ਨੇ ਕਿਹਾ ਕਿ ਗੰਗਾ-ਯਮੁਨਾ ਦੀ ਸ਼ੁੱਧੀ ਸਾਡੇ ਲਈ ਰਾਜਨੀਤਕ ਵਿਸ਼ਾ ਨਹੀਂ ਹੈ। ਇਹ ਕੰਮ ਕਰਕੇ ਅਸੀਂ ਚੋਣ ਜਿੱਤਣ ਦੀ ਉਮੀਦ ਨਹੀਂ ਰੱਖਦੇ ਹਾਂ। ਗੰਗਾ ਸਾਡੀ ਸੱਭਿਆਚਾਰ ਤੇ ਇਤਿਹਾਸ ਦਾ ਹਿੱਸਾ ਹੈ। ਗੰਗਾ ਮੈਲੀ ਹੋਣ ਕਾਰਨ ਦੁਨੀਆ 'ਚ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਮਿਸ਼ਨ ਦੇ ਸਾਰੇ ਪ੍ਰੋਜੈਕਟ ਪੂਰੇ ਹੁੰਦੇ-ਹੁੰਦੇ ਗੰਗਾ ਯਮੁਨਾ ਪੂਰੀ ਤਰ੍ਹਾਂ ਨਾਲ ਸ਼ੁੱਧ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ 1994 'ਚ ਗੰਗਾ ਐਕਸ਼ਨ ਪਲਾਨ ਦੇ ਤਹਿਤ 7,000 ਕਰੋੜ ਰੁਪਏ ਖਰਚ ਕੀਤੇ ਪਰ ਨਤੀਜਾ ਜ਼ੀਰੋ ਰਿਹਾ। 'ਸਾਡੀ ਸਰਕਾਰ ਨੇ ਹੁਣ ਨਦੀ ਸਵੱਛਤਾ ਦੀ ਜ਼ਿੰਮੇਦਾਰੀ ਚੁੱਕੀ ਹੈ ਤੇ ਗੰਗਾ ਤੇ ਉਸ ਨਾਲ ਜੁੜੀਆਂ 40 ਨਦੀਆਂ ਨੂੰ ਸਵੱਛ ਬਣਾਉਣ ਦਾ ਕੰਮ ਚੱਲ ਰਿਹਾ ਹੈ।' ਗਡਕਰੀ ਨੇ ਕੇਂਦਰ ਸਰਕਾਰ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਾਲੇ ਤਕ 75 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ। ਇਸ ਕਾਰਨ ਪ੍ਰਯਾਗਰਾਜ 'ਚ ਕੁੰਭ ਇਸਨਾਨ ਸਮੇਂ ਗੰਗਾ ਸਵੱਛ ਹੈ। ਉਥੋਂ ਲੋਕ ਮੈਨੂੰ, ਮੇਰੀ ਸਰਕਾਰ ਨੂੰ ਤੇ ਪੀ.ਐੱਮ. ਮੋਦੀ ਨੂੰ ਵਧਾਈ ਦੇ ਰਹੇ ਹਨ।


Inder Prajapati

Content Editor

Related News