ਮਾਤਾ ਵੈਸ਼ਨੋ ਦੇਵੀ ਦਰਬਾਰ ''ਚ ਦੁਕਾਨਦਾਰਾਂ ਅਤੇ ਖੱਚਰ ਮਾਲਕਾਂ ਦਾ ਹਿੰਸਕ ਪ੍ਰਦਰਸ਼ਨ

Monday, Nov 25, 2024 - 03:38 PM (IST)

ਮਾਤਾ ਵੈਸ਼ਨੋ ਦੇਵੀ ਦਰਬਾਰ ''ਚ ਦੁਕਾਨਦਾਰਾਂ ਅਤੇ ਖੱਚਰ ਮਾਲਕਾਂ ਦਾ ਹਿੰਸਕ ਪ੍ਰਦਰਸ਼ਨ

ਜੰਮੂ- ਜੰਮੂ-ਕਸ਼ਮੀਰ 'ਚ ਮਾਤਾ ਵੈਸ਼ਨੋ ਦੇਵੀ ਮੰਦਰ ਤੱਕ ਪ੍ਰਸਤਾਵਿਤ ਰੋਪਵੇਅ ਪ੍ਰਾਜੈਕਟ ਦਾ ਵਿਰੋਧ ਰੁਕ ਨਹੀਂ ਰਿਹਾ ਹੈ। ਸਥਾਨਕ ਨਿਵਾਸੀਆਂ ਅਤੇ ਵਰਕਰਾਂ ਵਲੋਂ ਪ੍ਰਦਰਸ਼ਨ ਸੋਮਵਾਰ ਨੂੰ ਚੌਥੇ ਦਿਨ 'ਚ ਦਾਖਲ ਹੋ ਗਿਆ, ਜਿਸ 'ਚ ਲਗਭਗ 2,000 ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਵੀ ਹੋਈ, ਜਿਸ 'ਚ ਪੱਥਰਬਾਜ਼ੀ ਕਾਰਨ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

ਵਿਰੋਧ ਦਾ ਕਾਰਨ

22 ਨਵੰਬਰ ਤੋਂ ਚੱਲ ਰਹੇ ਇਸ ਧਰਨੇ ਪ੍ਰਦਰਸ਼ਨ ਵਿਚ ਮੁੱਖ ਤੌਰ ’ਤੇ ਦੁਕਾਨਦਾਰਾਂ, ਖੱਚਰਾਂ ਮਾਲਕਾਂ ਅਤੇ ਰੇਹੜੀ ਚਾਲਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਇਸ 250 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੋਪਵੇਅ ਦੇ ਨਿਰਮਾਣ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਮਾੜਾ ਅਸਰ ਪਵੇਗਾ।

ਪੁਲਸ ਅਤੇ ਪ੍ਰਸ਼ਾਸਨ ਦਾ ਜਵਾਬ

ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਅਤੇ ਖਿੰਡਾਉਣ ਲਈ ਪੁਲਸ ਦੇ ਨਾਲ ਸੀ. ਆਰ. ਪੀ. ਐਫ ਦੀਆਂ 6 ਬਟਾਲੀਅਨਾਂ ਵੀ ਤਾਇਨਾਤ ਹਨ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ।

ਪ੍ਰਾਜੈਕਟ ਦਾ ਉਦੇਸ਼

ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਮੁਤਾਬਕ ਇਹ ਰੋਪਵੇਅ ਪ੍ਰਾਜੈਕਟ ਸ਼ਰਧਾਲੂਆਂ ਨੂੰ ਸੁਰੱਖਿਅਤ ਅਤੇ ਤੇਜ਼ ਯਾਤਰਾ ਦਾ ਵਿਕਲਪ ਪ੍ਰਦਾਨ ਕਰੇਗਾ। ਸ਼ਰਾਈਨ ਬੋਰਡ ਦੇ ਸੀ. ਈ.ਓ. ਅੰਸ਼ੁਲ ਗਰਗ ਨੇ ਇਸ ਨੂੰ "ਗੇਮ ਚੇਂਜਰ" ਦੇ ਤੌਰ 'ਤੇ ਦੱਸਦੇ ਹੋਏ ਕਿਹਾ ਕਿ ਇਹ ਉਨ੍ਹਾਂ ਸ਼ਰਧਾਲੂਆਂ ਲਈ ਫਾਇਦੇਮੰਦ ਹੋਵੇਗਾ ਜਿਨ੍ਹਾਂ ਲਈ ਮੰਦਰ ਜਾਣਾ ਸਰੀਰਕ ਤੌਰ 'ਤੇ ਚੁਣੌਤੀਪੂਰਨ ਹੈ। ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਹੁਣ ਸਿਆਸੀ ਆਗੂ ਵੀ ਇਸ ਧਰਨੇ 'ਚ ਸ਼ਾਮਲ ਹੋ ਰਹੇ ਹਨ, ਜਿਸ 'ਚ ਕਾਂਗਰਸੀ ਆਗੂ ਭੁਪਿੰਦਰ ਸਿੰਘ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਪ੍ਰਸ਼ਾਸਨ ਵੱਲੋਂ ਸਥਿਤੀ 'ਤੇ ਨਜ਼ਰ ਰੱਖਦਿਆਂ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।


author

Tanu

Content Editor

Related News