ਪਟਾਕਾ ਫੈਕਟਰੀ ''ਚ ਲਗਾਤਾਰ ਹੋਏ ਤਿੰਨ ਧਮਾਕੇ, ਕਈ ਲੋਕਾਂ ਦੇ ਮੌਤ ਦੀ ਖ਼ਬਰ; ਦੇਖੋ ਖ਼ੌਫਨਾਕ ਵੀਡੀਓ
Tuesday, Feb 06, 2024 - 06:48 PM (IST)
ਹਰਦਾ (ਵਾਰਤਾ)- ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ 'ਚ ਇਕ ਪਟਾਕਾ ਫੈਕਟਰੀ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਇਕ ਤੋਂ ਬਾਅਦ ਇਕ ਤਿੰਨ ਧਮਾਕਿਆਂ ਕਾਰਨ ਕੁਝ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਇਸ ਤੋਂ ਇਲਾਵਾ 25 ਝੁਲਸੇ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਿਆ ਹੈ। ਪੁਲਸ ਸੂਤਰਾਂ ਨੇ ਬੇਹੱਦ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਹਰਦਾ ਦੇ ਬੈਰਾਗੜ੍ਹ ਖੇਤਰ 'ਚ ਸਵੇਰੇ ਲਗਭਗ 11.30 ਵਜੇ ਪਿੰਡ 'ਚ ਸਥਿਤ ਇਕ ਪਟਾਕਾ ਫੈਕਟਰੀ 'ਚ ਇਕ ਤੋਂ ਬਾਅਦ ਇਕ ਲਗਾਤਾਰ ਤਿੰਨ ਧਮਾਕੇ ਹੋਏ।
ਧਮਾਕੇ ਇੰਨੇ ਭਿਆਨਕ ਸਨ ਕਿ ਨੇੜੇ-ਤੇੜੇ ਦੇ ਲਗਭਗ 20 ਕਿਲੋਮੀਟਰ ਦੇ ਪਿੰਡਾਂ 'ਚ ਇਸ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਫੈਕਟਰੀ ਦੇ ਨੇੜੇ-ਤੇੜੇ ਦੇ ਘਰਾਂ 'ਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਹਰਦਾ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਪ੍ਰਸ਼ਾਸਨਿਕ ਅਤੇ ਮੈਡੀਕਲ ਅਮਲਾ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚਿਆ ਅਤੇ ਰਾਹਤ ਅਤੇ ਬਚਾਅ ਕੰਮ 'ਚ ਜੁਟ ਗਿਆ। ਸੂਤਰਾਂ ਅਨੁਸਾਰ ਹਾਦਸੇ 'ਚ ਲੋਕਾਂ ਦੀ ਮੌਤ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਖਾਨੇ 'ਚ ਲਗਭਗ 5 ਸਾਲ ਪਹਿਲੇ ਵੀ ਧਮਾਕਾ ਹੋ ਚੁੱਕਿਆ ਹੈ, ਜਿਸ 'ਚ ਲਗਭਗ 3 ਲੋਕਾਂ ਦੀ ਜਾਨ ਚਲੀ ਗਈ ਸੀ।