ਅੰਬਾਲਾ ’ਚ ਬਣ ਰਿਹੈ ਦੇਸ਼ ਦਾ ਸਭ ਤੋਂ ਵੱਡਾ ਸ਼ਹੀਦ ਸਮਾਰਕ, ਅਨਿਲ ਵਿਜ ਬੋਲੇ- ਪ੍ਰੇਰਣਾਦਾਇਕ ਬਣ ਕੇ ਉਭਰੇਗਾ
Saturday, Sep 04, 2021 - 01:48 PM (IST)

ਚੰਡੀਗੜ੍ਹ— ਹਰਿਆਣਾ ਦੇ ਗ੍ਰਹਿ, ਸ਼ਹਿਰੀ ਸਥਾਨਕ ਬਾਡੀਜ਼ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਪ੍ਰਥਮ ਸੁਤੰਤਰਤਾ ਸੰਗ੍ਰਾਮ 1857 ਦੀ ਕ੍ਰਾਂਤੀ ਦੇ ਅਗਿਆਤ ਅਣਗਿਣਤ ਯੋਧਿਆਂ ਦੀ ਯਾਦ ਵਿਚ ਅੰਬਾਲਾ ’ਚ ਨਿਰਮਾਣ ਅਧੀਨ ਸ਼ਹੀਦ ਸਮਾਰਕ ਦੇਸ਼ ਦਾ ਸਭ ਤੋਂ ਵੱਡਾ ਸ਼ਹੀਦ ਸਮਾਰਕ ਹੋਵੇਗਾ। ਵਿਜ ਨੇ ਕਿਹਾ ਕਿ ਇਸ ਸਮਾਰਕ ਵਿਚ ਅਜਾਇਬ ਘਰ ਵੀ ਬਣਾਇਆ ਜਾ ਰਿਹਾ ਹੈ, ਜਿਸ ’ਚ ਲਾਈਆਂ ਜਾਣ ਵਾਲੀਆਂ ਵੱਖ-ਵੱਖ ਪ੍ਰਦਰਸ਼ਿਤ ਵਸਤੂਆਂ ਦੀ ਸਾਂਭ-ਸੰਭਾਲ ਅਤੇ ਮੁਲਾਂਕਣ ਲਈ ਪੰਡਿਤ ਲਖਮੀਚੰਦ ਸਟੇਟ ਯੂਨੀਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜ਼ੁਅਲ ਆਰਟਸ ਨੂੰ ਕੰਮ ਸੌਂਪਿਆ ਜਾਵੇਗਾ। ਇਨ੍ਹਾਂ ਵਸਤੂਆਂ ’ਚ ਮੂਰਤੀਆਂ, ਭਿੱਤੀ ਚਿੱਤਰ, ਧਾਤੂ ਸਕਰੌਲ, ਫਾਈਬਰ ਸਕਰੌਲ, ਐਕਰੀਲਿਕ ਸ਼ੀਟ-ਆਧਾਰਤ ਡਿਜ਼ਾਈਨ, ਸੀਮੈਂਟ-ਆਧਾਰਤ ਡਿਜ਼ਾਈਨ ਆਦਿ ਸ਼ਾਮਲ ਹਨ।
ਅਨਿਲ ਵਿਜ ਨੇ ਦੱਸਿਆ ਕਿ ਇਹ ਸਮਾਰਕ ਲੱਗਭਗ 22 ਏਕੜ ’ਚ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਵਲੋਂ ਸਥਾਪਤ ਕੀਤਾ ਜਾ ਰਿਹਾ ਹੈ। ਜਿਸ ’ਤੇ ਤਕਰੀਬਨ 300 ਕਰੋੜ ਰੁਪਏ ਦੀ ਲਾਗਤ ਆਵੇਗੀ। ਵਿਜ ਨੇ ਕਿਹਾ ਕਿ ਆਉਣ ਵਾਲੀ 31 ਮਾਰਚ 2022 ਤਕ ਕੀਤੇ ਜਾਣ ਵਾਲੇ ਨਿਰਮਾਣ ਕੰਮਾਂ ਨੂੰ 100 ਫ਼ੀਸਦੀ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ’ਤੇ ਸ਼ਹੀਦ ਸਮਾਰਕ ਦਾ ਵੱਖਰਾ ਹੀ ਵਿਸ਼ੇਸ਼ ਮਹੱਤਵ ਹੋਵੇਗਾ। ਇਹ ਸ਼ਹੀਦ ਸਮਾਰਕ ਲੋਕਾਂ ਲਈ ਪ੍ਰੇਰਕ ਅਤੇ ਪ੍ਰੇਰਣਾਦਾਇਕ ਬਣ ਕੇ ਉਭਰੇਗਾ।
ਸਮਾਰਕ ਵਾਲੀ ਥਾਂ ’ਤੇ ਲੇਜ਼ਰ ਲਾਈਟ ਜ਼ਰੀਏ ਸ਼ਹੀਦਾਂ ਵਲੋਂ ਲੜੀ ਗਈ 1857 ਦੀ ਕ੍ਰਾਂਤੀ ਦੀ ਵੱਖ-ਵੱਖ ਲੜਾਈਆਂ ਦਾ ਜੀਵੰਤ ਪ੍ਰਦਰਸ਼ਨ ਹੋਵੇਗਾ। ਇਸ ਵਿਚ ਮਹਾਰਾਣੀ ਲਕਸ਼ਮੀਬਾਈ ਵਰਗੀ ਇਸ ਲੜਾਈ ਦੀ ਮਹਾਨ ਨਾਇਕਾ ਸਮੇਤ ਹੋਰ ਸ਼ਹੀਦਾਂ ਵਲੋਂ ਵਿਖਾਈ ਗਈ ਵੀਰਤਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਸਮਾਰਕ ਵਾਲੀ ਥਾਂ ’ਤੇ ਹੇਲੀਪੈਡ ਵਿਚ ਤਿਆਰ ਹੋਵੇਗਾ, ਤਾਂ ਕਿ ਦੇਸ਼ ਅਤੇ ਵਿਦੇਸ਼ ਦੇ ਸੈਲਾਨੀ ਇੱਥੇ ਸੁਵਿਧਾਜਨਕ ਤਰੀਕੇ ਨਾਲ ਆ ਕੇ ਭਾਰਤ ਦੇ ਇਸ ਸੁਨਹਿਰੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰ ਸਕਣ। ਸ਼ਹੀਦ ਸਮਾਰਕ ਦੀ ਸਥਾਪਨਾ ਲਈ ਵਿਸ਼ੇਸ਼ ਆਰਕੀਟੈਕਟ ਕੰਪਨੀਆਂ ਤੋਂ ਸੁੰਦਰ ਅਤੇ ਦਿਲ ਖਿੱਚਵੇਂ ਡਿਜ਼ਾਈਨ ਤਿਆਰ ਕਰਵਾਇਆ ਗਿਆ ਹੈ। ਤਕਰੀਬਨ 80 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਵਿਚਾਲੇ ਇਹ ਸਮਾਰਕ ਸਭ ਤੋਂ ਵੱਡਾ ਦੇਸ਼ ਭਗਤੀ ਦੀ ਜਾਣਕਾਰੀ ’ਤੇ ਅਧਾਰਿਤ ਅਜਿਹਾ ਇਕਮਾਤਰ ਸਮਾਰਕ ਹੋਵੇਗਾ। ਜਲ੍ਹਿਆਂਵਾਲਾ ਬਾਗ ਵਾਂਗ ਦੇਸ਼ ਅਤੇ ਵਿਦੇਸ਼ਾਂ ਦੇ ਸੈਲਾਨੀ ਇੱਥੇ ਆ ਕੇ ਸ਼ਹੀਦਾਂ ਦੀ ਵੀਰਤਾ ਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ।