ਸ਼ਹੀਦ ਮੇਜਰ ਯੋਗੇਸ਼ ਗੁਪਤਾ ਚੌਕ 'ਤੇ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਲਹਿਰਾਇਆ ਗਿਆ
Saturday, Aug 15, 2020 - 04:44 PM (IST)
ਅੰਬਾਲਾ- ਕਸ਼ਮੀਰ ਦੇ ਸੁਰਨਕੋਟ ਇਲਾਕੇ 'ਚ 12 ਜੁਲਾਈ 2002 ਨੂੰ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਮੇਜਰ ਯੋਗੇਸ਼ ਗੁਪਤਾ ਨੇ ਪਹਿਲਾਂ 2 ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਤੋਂ ਬਾਅਦ ਉਨ੍ਹਾਂ ਦੇ ਪੇਟ 'ਚ ਗੋਲੀ ਲੱਗ ਗਈ ਪਰ ਉਨ੍ਹਾਂ ਨੇ ਵੱਗ ਰਹੇ ਖੂਨ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵਧੇ ਅਤੇ 2 ਹੋਰ ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਸ ਆਪਰੇਸ਼ਨ ਦੌਰਾਨ ਉਨਾਂ ਨੇ 4 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਬਹੁਤ ਜ਼ਿਆਦਾ ਖੂਨ ਵਗਣ ਕਾਰਨ ਮੇਜਰ ਯੋਗੇਸ਼ ਗੁਪਤਾ ਆਪਣੀ ਮਾਂ ਭੂਮੀ ਲਈ ਸ਼ਹੀਦ ਹੋ ਗਏ। ਅੰਬਾਲਾ ਕੈਂਟ ਦੀ ਡਿਫੈਂਸ ਕਾਲੋਨੀ 'ਚ ਰਹਿਣ ਵਾਲੇ ਮੇਜਰ ਯੋਗੇਸ਼ ਦੇ ਪਰਿਵਾਰ ਨੇ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦਾ ਸ਼ਹੀਦੀ ਸਮਾਰਕ ਜੋ ਸੇਕ੍ਰੇਡ ਹਾਰਟ ਸਕੂਲ ਅਤੇ ਰਾਜੀਵ ਅਲਟਰਾਸਾਊਂਡ ਕੋਲ ਹੈ, ਉਸ ਨੂੰ ਤਿਰੰਗੇ ਦੇ ਰੰਗਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ। ਉਨ੍ਹਾਂ ਦੇ ਛੋਟੇ ਭਰਾ ਵਿਕਾਸ ਗੁਪਤਾ, ਭਰਜਾਈ ਰੰਜੂ ਗੁਪਤਾ, ਭਤੀਜੇ ਭਵਿਆ ਗੁਪਤਾ ਅਤੇ ਭਤੀਜੀ ਸਮਾਇਰਾ ਗੁਪਤਾ ਨੇ ਸ਼ਹੀਦੀ ਸਥਾਨ 'ਤੇ ਤਿਰੰਗਾ ਝੰਡਾ ਲਹਿਰਾਇਆ।
ਸ਼ਹੀਦ ਮੇਜਰ ਯੋਗੇਸ਼ ਗੁਪਤਾ ਦੇ ਪਿਤਾ ਸ਼੍ਰੀ ਵੇਦ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਚਪਨ ਤੋਂ ਹੀ ਬਹੁਤ ਬਹਾਦਰ ਸੀ ਅਤੇ ਉਸ ਦੇ ਦਿਲ 'ਚ ਦੇਸ਼ ਲਈ ਕੁਝ ਕਰਨ ਦਾ ਇੱਛਾ ਸੀ। ਯੋਗੇਸ਼ ਨੇ ਆਪਣੀ ਸਕੂਲੀ ਸਿੱਖਿਆ ਸੈਨਿਕ ਸਕੂਲ ਕਪੂਰਥਲਾ ਤੋਂ ਪੂਰੀ ਕੀਤੀ ਅਤੇ ਭਾਰਤੀ ਫੌਜ 'ਚ ਅਫ਼ਸਰ ਦੇ ਤੌਰ 'ਤੇ ਜਾਣ ਦਾ ਪੱਕਾ ਇਰਾਦਾ ਕੀਤਾ। ਯੋਗੇਸ਼ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਬਹੁਤ ਦੁਲਾਰਾ ਸੀ। ਅੱਜ ਆਜ਼ਾਦੀ ਦਾ ਜਸ਼ਨ ਅਸੀਂ ਸਿਰਫ਼ ਅਤੇ ਸਿਰਫ਼ ਇਨ੍ਹਾਂ ਵੀਰਾਂ ਦੀ ਕੁਰਬਾਨੀ ਕਾਰਨ ਹੀ ਮਨ੍ਹਾ ਪਾ ਰਹੇ ਹਾਂ ਅਤੇ ਹਰ ਭਾਰਤਵਾਸੀ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ। ਅਸੀਂ ਆਪਣੇ ਘਰਾਂ 'ਚ ਆਰਾਮ ਦੀ ਨੀਂਦ ਇਸ ਲਈ ਸੌਂ ਪਾ ਰਹੇ ਹਾਂ, ਕਿਉਂਕਿ ਇਹ ਵੀਰ 24 ਘੰਟੇ ਆਪਣੀ ਜਾਨ 'ਤੇ ਖੇਡ ਕੇ ਸਾਡੀ ਰੱਖਿਆ ਕਰ ਰਹੇ ਹਨ।
18 ਸਾਲ ਬਾਅਦ ਅੰਬਾਲਾ ਛਾਉਣੀ 'ਚ ਗ੍ਰਹਿ ਮੰਤਰੀ ਅਨਿਲ ਵਿਜ ਦੇ ਆਦੇਸ਼ ਅਨੁਸਾਰ ਨਗਰ ਨਿਗਮ ਵਲੋਂ ਇਸ ਚੌਕ ਦਾ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਪਰ ਇੱਥੇ ਹਾਲੇ ਸਿਰਫ਼ ਪਲੇਟਫਾਰਮ ਦਾ ਨਿਰਮਾਣ ਹੋਇਆ ਹੈ ਅਤੇ ਸ਼ਹੀਦ ਦੀ ਮੂਰਤੀ ਜੋ ਬਣ ਕੇ ਤਿਆਰ ਹੋ ਚੁਕੀ ਹੈ, ਉਹ ਲੱਗਣੀ ਹਾਲੇ ਬਾਕੀ ਹੈ। ਅਗਰਵਾਲ ਸਮਾਜ ਅਤੇ ਅੰਬਾਲਾਵਾਸੀਆਂ ਦੀ ਅਪੀਲ 'ਤੇ ਗ੍ਰਹਿ ਮੰਤਰੀ ਅਨਿਲ ਵਿਜ ਜਲਦ ਤੋਂ ਜਲਦ ਇਸ ਚੌਕ ਨੂੰ ਸੁੰਦਰ ਬਣਾ ਕੇ ਸ਼ਹੀਦ ਦੀ ਮੂਰਤੀ ਦਾ ਉਦਘਾਟਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੇਜਰ ਯੋਗੇਸ਼ ਗੁਪਤਾ ਦਾ ਸ਼ਹੀਦੀ ਸਥਾਨ ਆਉਣ ਵਾਲੀ ਅੰਬਾਲਾ ਦੀ ਯੂਥ ਪੀੜ੍ਹੀ ਨੂੰ ਫੌਜ 'ਚ ਜਾਣ ਅਤੇ ਦੇਸ਼ ਲਈ ਕੁਝ ਚੰਗਾ ਕਰਨ ਦੀ ਪ੍ਰੇਰਨਾ ਦੇਵੇਗਾ।