ਅਲਵਿਦਾ ਜੈਲਲਿਤਾ! ਭਿੱਜੀਆਂ ਅੱਖਾਂ ਨਾਲ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

12/07/2016 8:37:17 AM

ਚੇਨਈ— ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦਾ ਮੰਗਲਵਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਸਥਾਨਕ ਮਰੀਨਾ ਬੀਚ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 

ਜੈਲਲਿਤਾ ਦੇ ਮਾਰਗ ਦਰਸ਼ਕ ਰਹੇ ਐੱਮ. ਜੀ. ਆਰ. ਦੀ ਸਮਾਧੀ ਨੇੜੇ ਉਨ੍ਹਾਂ ਨੂੰ ਦਫਨਾਇਆ ਗਿਆ। ਅੰਤਿਮ ਸੰਸਕਾਰ ਦੀਆਂ ਰਸਮਾਂ ਉਨ੍ਹਾਂ ਦੀ ਨੇੜਲੀ ਸਹਿਯੋਗੀ ਰਹੀ ਸ਼ਸ਼ੀਕਲਾ ਨਟਰਾਜਨ ਨੇ ਨਿਭਾਈਆਂ। ਮਰੀਨਾ ਬੀਚ ਵਿਖੇ ਇਸ ਦੌਰਾਨ ਲੱਖਾਂ ਲੋਕਾਂ ਦਾ  ਇਕੱਠ ਮੌਜੂਦ ਸੀ। ਗਮਗੀਨ ਲੋਕਾਂ ਨੇ ਜੈਲਲਿਤਾ ਨੂੰ ਹੰਝੂਆਂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ''ਤੇ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਤਾਮਿਲਨਾਡੂ ਦੇ ਰਾਜਪਾਲ ਸੀ. ਵਿਦਿਆਸਾਗਰ ਰਾਓ, ਨਵੇਂ ਮੁੱਖ ਮੰਤਰੀ ਪਨੀਰਸੇਲਵਮ, ਕੇਂਦਰੀ ਮੰਤਰੀ ਐੱਮ. ਵੈਂਕਈਆ ਨਾਇਡੂ, ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ, ਕਈ ਸੂਬਿਆਂ ਦੇ ਮੁੱਖ ਮੰਤਰੀ, ਵੱਡੀ ਗਿਣਤੀ ਵਿਚ ਅੰਨਾ ਡੀ. ਐੱਮ. ਕੇ. ਦੇ ਸੰਸਦ ਮੈਂਬਰ, ਵਿਧਾਇਕ ਅਤੇ ਹੋਰ ਸਿਆਸੀ ਆਗੂ ਮੌਜੂਦ ਸਨ। 

ਦੇਸ਼ ਵਿਚ ਮੰਗਲਵਾਰ ਇਕ ਦਿਨ ਦਾ ਸਰਕਾਰੀ ਸੋਗ ਮਨਾਇਆ ਗਿਆ। 

ਸਰਕਾਰੀ ਇਮਾਰਤਾਂ ''ਤੇ ਕੌਮੀ ਝੰਡਾ ਅੱਧਾ ਝੁਕਿਆ ਰਿਹਾ। ਉਤਰਾਖੰਡ, ਬਿਹਾਰ ਅਤੇ ਕਰਨਾਟਕ ਵਿਚ ਵੀ ਇਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਗਿਆ।  

ਸਦਮੇ ਨਾਲ ਤਿੰਨ ਹੋਰ ਵਿਅਕਤੀਆਂ ਦੀ ਮੌਤ, 2 ਵਲੋਂ ਆਤਮਹੱਤਿਆ ਦਾ ਯਤਨ

ਜੈਲਲਿਤਾ ਦੀ ਮੌਤ ਤੋਂ ਪਹਿਲਾਂ ਕੋਇੰਬਟੂਰ ਜ਼ਿਲੇ ''ਚ ਤਿੰਨ ਵਿਅਕਤੀਆਂ ਦੀ ਸੰਭਾਵਿਤ ਸਦਮੇ ਨਾਲ ਮੌਤ ਹੋ ਗਈ, ਜਦਕਿ ਦੋ ਹੋਰਨਾਂ ਨੇ ਆਤਮਹੱਤਿਆ ਦੀ ਕੋਸ਼ਿਸ਼ ਵੀ ਕੀਤੀ। ਤਿੰਨਾਂ ਦੀ ਮੌਤ ਟੀ. ਵੀ. ''ਤੇ ਜੈਲਲਿਤਾ ਬਾਰੇ ਚਲ ਰਹੀਆਂ ਖਬਰਾਂ ਤੋਂ ਬਾਅਦ ਸਦਮੇ ਕਾਰਨ ਹੋਈ।   ਇਸੇ ਦੌਰਾਨ ਕੁਨੀਆਮੁਥੁਰ ਵਿਖੇ ਲੋਗਾਨਾਥਨ ਨਾਮੀ ਇਕ ਵਿਅਕਤੀ ਨੇ 50 ਫੁੱਟ ਉੱਚੇ ਮੋਬਾਇਲ ਟਾਵਰ ਤੋਂ ਛਾਲ ਮਾਰ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ। ਅੰਨਾ ਡੀ. ਐੱਮ. ਕੇ. ਨਾਲ ਸਬੰਧਿਤ 45 ਸਾਲਾ ਇਕ ਵਰਕਰ ਨੇ ਵੀ ਆਪਣੇ ਆਪ ਨੂੰ ਅੱਗ ਲਗਾ ਲਈ, ਉਸ ਨੂੰ 60 ਫੀਸਦੀ ਝੁਲਸੀ ਹਾਲਤ ''ਚ ਹਸਪਤਾਲ ਦਾਖਲ ਕਰਾਇਆ ਗਿਆ ਹੈ।

ਦੋਵਾਂ ਹਾਊਸਾਂ ''ਚ ਸੰਸਦ ਮੈਂਬਰਾਂ ਨੇ ਰੱਖਿਆ ਮੌਨ

ਜੈਲਲਿਤਾ ਦੇ ਸਤਿਕਾਰ ਵਿਚ ਮੰਗਲਵਾਰ ਸੰਸਦ ਦੇ ਦੋਵਾਂ ਹਾਊਸਾਂ ''ਚ ਮੈਂਬਰਾਂ ਨੇ ਮੌਨ ਰੱਖ ਕੇ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਲੋਕ ਸਭਾ ਦੀ ਸਪੀਕਰ ਨੇ ਸਭ ਸੰਸਦ ਮੈਂਬਰਾਂ ਵਲੋਂ ਜੈਲਲਿਤਾ ਦੀ ਮੌਤ ''ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੇ ਮਾਨ ਵਿਚ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।

ਕਿਉਂ ਚੁਣਿਆ ਅੰਤਿਮ ਸੰਸਕਾਰ ਲਈ ਸ਼ਾਮ 4.30 ਵਜੇ ਦਾ ਸਮਾਂ

ਜੈਲਲਿਤਾ ਅਯੰਗਰ ਬ੍ਰਾਹਮਣ ਪਰਿਵਾਰ ਨਾਲ ਸੰਬੰਧਤ ਸੀ। ਜੋਤਿਸ਼ ਵਿਚ ਉਨ੍ਹਾਂ ਦਾ ਬਹੁਤ ਭਰੋਸਾ ਸੀ। 5 ਅਤੇ 7 ਦੇ ਅੰਕਾਂ ਨੂੰ ਉਹ ਆਪਣੇ ਲਈ ਸ਼ੁੱਭ ਮੰਨਦੀ ਸੀ। ਜੈਲਲਿਤਾ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਤੱਕ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ  ਰੱਖਿਆ ਜਾਣਾ ਸੀ। ਬੁੱਧਵਾਰ ਨੂੰ ਅਸ਼ਟਮੀ ਮਿਤੀ ਹੈ। ਜੈਲਲਿਤਾ ਅਸ਼ਟਮੀ ਨੂੰ ਕੋਈ ਵੀ ਸ਼ੁਭ ਕੰਮ ਨਹੀਂ ਕਰਦੀ ਸੀ, ਫਿਰ ਅੰਤਿਮ ਯਾਤਰਾ ਅਸ਼ਟਮੀ ਨੂੰ ਕਿਵੇਂ ਹੋ ਸਕਦੀ ਸੀ। ਅੰਤਿਮ ਸੰਸਕਾਰ ਦਾ ਸਮਾਂ ਵੀ ਜੋਤਿਸ਼ ਮੁਤਾਬਕ ਤੈਅ ਹੋਇਆ। ਤਾਮਿਲ ਪਚਾਂਗ ਮੁਤਾਬਕ ਮੰਗਲਵਾਰ ਸ਼ਾਮ 3.30 ਤੋਂ 4.30 ਵਜੇ ਤੱਕ ਰਾਹੂ ਕਾਲ ਸੀ। ਜੈਲਲਿਤਾ ਰਾਹੂ ਕਾਲ ਵਿਚ ਵੀ ਕੋਈ ਕੰਮ ਨਹੀਂ ਕਰਦੀ ਸੀ। ਇਸ ਲਈ ਉਨ੍ਹਾਂ ਦਾ  ਅੰਤਿਮ ਸੰਸਕਾਰ ਸ਼ਾਮ 4.30 ਵਜੇ ਕਰਨ ਦਾ ਫੈਸਲਾ ਕੀਤਾ ਗਿਆ।

ਪਾਰਟੀ ਦੀ ਕਮਾਂਡ ਸੰਭਾਲੇਗੀ ਸ਼ਸ਼ੀਕਲਾ!

ਜੈਲਲਿਤਾ ਦੇ ਦਿਹਾਂਤ ਪਿੱਛੋਂ ਤਾਮਿਲਨਾਡੂ ਵਿਚ ਉਨ੍ਹਾਂ ਦੇ ਸਿਆਸੀ ਜਾਨਸ਼ੀਨ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਖਬਰਾਂ ਇਹ ਵੀ ਹਨ ਕਿ ਜੈਲਲਿਤਾ ਦੀ ਨੇੜਲੀ ਸ਼ਸ਼ੀਕਲਾ ਨਟਰਾਜਨ ਨੂੰ ਪਾਰਟੀ ਦੀ ਕਮਾਂਡ ਸੌਂਪੀ ਜਾ ਸਕਦੀ ਹੈ। ਉਨ੍ਹਾਂ ਨੂੰ ਪਾਰਟੀ ਦਾ  ਜਨਰਲ ਸਕੱਤਰ ਬਣਾਇਆ ਜਾ ਸਕਦਾ ਹੈ। 

ਅਜੇ ਤੱਕ ਪਾਰਟੀ ਵਲੋਂ ਕੋਈ ਬਾਕਾਇਦਾ ਐਲਾਨ ਨਹੀਂ ਹੋਇਆ। ਇਸ ਦੌੜ ਵਿਚ ਸ਼ਸ਼ੀਕਲਾ ਦੇ ਨਾਲ-ਨਾਲ ਥੰਬੀਦੁਰਈ ਵੀ ਸ਼ਾਮਲ ਹਨ ਪਰ  ਉਨ੍ਹਾਂ ਦੇ ਕੇਂਦਰ ਦੀ ਸਿਆਸਤ ਵਿਚ ਸਰਗਰਮ ਹੋਣ ਕਾਰਨ ਸ਼ਸ਼ੀਕਲਾ ਦਾ ਨਾਂ ਤੈਅ ਮੰਨਿਆ ਜਾ ਰਿਹਾ ਹੈ। ਸ਼ਸ਼ੀਕਲਾ ਵੱਖ-ਵੱਖ ਆਯੋਜਨਾਂ ਵਿਚ ਜੈਲਲਿਤਾ ਨਾਲ ਅਕਸਰ ਨਜ਼ਰ ਆਉਂਦੀ ਸੀ। ਵਿਰੋਧੀਆਂ ਨੇ ਸ਼ਸ਼ੀਕਲਾ ਨੂੰ ਜੈਲਲਿਤਾ ਦਾ ਪਰਛਾਵਾ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਸੀ। 


Related News