ਨੇਪਾਲ : ਸੁਰੱਖਿਅਤ ਕੱਢੇ ਗਏ 96 ਭਾਰਤੀ ਤੀਰਥ ਯਾਤਰੀ
Wednesday, Jul 04, 2018 - 12:12 PM (IST)

ਕਾਠਮੰਡੂ (ਬਿਊਰੋ)— ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਗਏ 96 ਭਾਰਤੀ ਤੀਰਥ ਯਾਤਰੀਆਂ ਨੂੰ ਬੁੱਧਵਾਰ ਨੂੰ ਨੇਪਾਲ ਦੇ ਸੁਰਖੇਤ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਨੇਪਾਲ ਦੇ ਸੂਤਰਾਂ ਮੁਤਾਬਕ 73 ਭਾਰਤੀ ਤੀਰਥ ਯਾਤਰੀਆਂ ਨੂੰ ਹਵਾਈ ਜਹਾਜ਼ ਜ਼ਰੀਏ ਬਚਾਇਆ ਗਿਆ ਜਦਕਿ ਇਕ ਹੈਲੀਕਾਪਟਰ ਜ਼ਰੀਏ 23 ਹੋਰ ਲੋਕਾਂ ਨੂੰ ਬਚਾਇਆ ਗਿਆ। ਸੂਤਰਾਂ ਮੁਤਾਬਕ ਜੇ ਮੌਸਮ ਸਹੀ ਰਹਿੰਦਾ ਹੈ ਤਾਂ ਯਾਤਰੀਆਂ ਨੂੰ ਕੱਢਣ ਦਾ ਕੰਮ ਦੋ-ਤਿੰਨ ਦਿਨ ਵਿਚ ਪੂਰਾ ਕਰ ਲਿਆ ਜਾਵੇਗਾ। ਭਾਰੀ ਮੀਂਹ ਕਾਰਨ ਕਰੀਬ 1575 ਭਾਰਤੀ ਤੀਰਥ ਯਾਤਰੀ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ। ਇਨ੍ਹਾਂ ਤੀਰਥ ਯਾਤਰੀਆਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਭਾਰਤੀ ਦੂਤਘਰ ਵੱਲੋਂ ਜਾਰੀ ਹੈ। ਭਾਰਤ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਸਾਰੇ ਤੀਰਥ ਯਾਤਰੀ ਸੁਰੱਖਿਅਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹਾਲਤਾਂ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਲਗਾਤਾਰ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਬਣਾਏ ਹੋਏ ਹਨ। ਪੀ.ਐੱਮ. ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਪਹੁੰਚਾਉਣ।
ਕਾਠਮੰਡੂ ਵਿਚ ਭਾਰਤ ਦੇ ਕਾਰਜਕਾਰੀ ਰਾਜਦੂਤ ਬੀ.ਕੇ. ਰੇਗਮੀ ਨੇ ਕੱਲ ਦੱਸਿਆ ਕਿ ਹਿਲਸਾ ਵਿਚ ਕਰੀਬ 3,600 ਮੀਟਰ ਦੀ ਉੱਚਾਈ 'ਤੇ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਨੇਪਾਲ ਦੀ ਸਰਕਾਰ ਵੱਲੋਂ 11 ਹੈਲੀਕਾਪਟਰ ਭੇਜੇ ਗਏ ਹਨ। ਇਸ ਦੇ ਇਲਾਵਾ ਨਿੱਜੀ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਤੀਰਥ ਯਾਤਰੀਆਂ ਨੂੰ ਕੱਢਣ ਲਈ ਫੌਜੀ ਹੈਲੀਕਾਪਟਰ ਮੁਹੱਈਆ ਕਰਵਾਇਆ ਜਾਵੇ। ਦੱਸਿਆ ਜਾ ਰਿਹਾ ਹੈ ਕਿ ਹਿਲਸਾ ਵਿਚ ਫਸੇ ਸੈਂਕੜੇ ਤੀਰਥ ਯਾਤਰੀਆਂ ਨੂੰ ਬਚਾਉਣ ਦੀ ਮੁਹਿੰਮ ਜਾਰੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਸੀ ਕਿ ਸਿਮੀਕੋਟ ਵਿਚ 525, ਹਿਲਸਾ ਵਿਚ 550 ਅਤੇ ਤਿੱਬਤ ਵਿਚ 500 ਤੀਰਥ ਯਾਤਰੀ ਫਸੇ ਹੋਏ ਹਨ।