ਮਾਮਲਾ ਮਨੋਜ ਤਿਵਾੜੀ ਦੇ ਕ੍ਰਿਕਟ ਖੇਡਣ ਦਾ, ਸਟੇਡੀਅਮ ਦੇ MD ਨੂੰ ਕਾਰਨ ਦੱਸੋ ਨੋਟਿਸ ਜਾਰੀ
Tuesday, May 26, 2020 - 01:39 AM (IST)
ਗੰਨੌਰ, (ਨਰਿੰਦਰ) : ਯੂਨਿਕ ਸਟੇਡੀਅਮ ਸ਼ੇਖਪੁਰਾ 'ਚ ਐਤਵਾਰ ਨੂੰ ਮੈਚ ਖੇਡਣ ਆਏ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਦੇ ਮਾਮਲੇ ਨੂੰ ਲੈ ਕੇ ਹੁਣ ਸਟੇਡੀਅਮ ਐਮ. ਡੀ. ਨੂੰ ਗੰਨੌਰ ਦੇ ਆਪ੍ਰੇਸ਼ਨ ਸੈਕਸ਼ਨ ਚੀਫ-ਕਮ-ਇੰਸੀਡੈਂਟ ਕਮਾਂਡਰ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਨੋਟਿਸ 'ਚ ਜਵਾਬ ਮੰਗਿਆ ਗਿਆ ਹੈ ਕਿ ਕ੍ਰਿਕਟ ਮੈਚ ਦੇ ਪ੍ਰਬੰਧ ਦੀ ਮਨਜ਼ੂਰੀ ਕਿਸ ਅਧਿਕਾਰੀ ਨੇ ਦਿੱਤੀ? ਨਾਲ ਹੀ ਇਹ ਜਵਾਬ ਵੀ ਮੰਗਿਆ ਗਿਆ ਹੈ ਕਿ ਕ੍ਰਿਕਟ ਖੇਡਣ ਤੋਂ ਪਹਿਲਾਂ ਸਟੇਡੀਅਮ ਨੂੰ ਸੈਨੇਟਾਇਜ਼ ਕਰਵਾਇਆ ਗਿਆ ਸੀ ਜਾਂ ਨਹੀਂ? ਉਨ੍ਹਾਂ ਨੇ ਕਿਹਾ ਕਿ ਮੈਚ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਕਈ ਖਿਡਾਰੀਆਂ ਨੇ ਤਾਂ ਮਾਸਕ ਵੀ ਨਹੀਂ ਲਗਾ ਰੱਖੇ ਸਨ। ਇਸ ਦਾ ਜਵਾਬ ਸਟੇਡੀਅਮ ਐਮ. ਡੀ. ਸਨਥ ਜੈਨ ਨੂੰ 24 ਘੰਟੇ ਦੇ ਅੰਦਰ ਖੁਦ ਹਾਜ਼ਰ ਹੋ ਕੇ ਦੇਣਾ ਹੋਵੇਗਾ। ਨਾਲ ਹੀ ਆਪ੍ਰੇਸ਼ਨ ਸੈਕਸ਼ਨ ਚੀਫ-ਕਮ-ਇੰਸੀਡੈਂਟ ਕਮਾਂਡਰ ਸਵਪਨਿਲ ਰਵਿੰਦਰ ਪਾਟਿਲ ਨੇ ਨਿਰਦੇਸ਼ ਦਿੱਤੇ ਹਨ ਕਿ ਜੇਕਰ ਉਹ ਪੁਖਤਾ ਤੱਥਾਂ ਦੇ ਨਾਲ ਹਾਜ਼ਰ ਨਹੀਂ ਹੋਏ ਤਾਂ ਮੈਚ ਅਤੇ ਸਮਾਗਮ 'ਚ ਸ਼ਾਮਲ ਹੋਰ ਲੋਕਾਂ ਖਿਲਾਫ ਲਾਕਡਾਊਨ ਦੀ ਉਲੰਘਣਾ ਕਰਣ 'ਤੇ ਧਾਰਾ-188 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਐਤਵਾਰ ਨੂੰ ਮਨੋਜ ਤਿਵਾੜੀ ਸਟੇਡੀਅਮ 'ਚ ਪਹੁੰਚੇ ਸਨ। ਉਨ੍ਹਾਂ ਨੇ ਨਾ ਸਿਰਫ ਕ੍ਰਿਕਟ ਮੈਚ ਖੇਡਿਆ, ਸਗੋਂ ਮਾਸਕ ਦਾ ਇਸਤੇਮਾਲ ਵੀ ਨਹੀਂ ਕੀਤਾ। ਇਸ ਤੋਂ ਇਲਾਵਾ ਮਨੋਜ ਤਿਵਾੜੀ ਨੇ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਨਹੀਂ ਕੀਤਾ। ਇਸ ਮਾਮਲੇ ਦੇ ਵਧਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਨੋਟਿਸ ਲੈਂਦੇ ਹੋਏ ਸਟੇਡੀਅਮ ਦੇ ਐਮ. ਡੀ. ਨੂੰ ਕਾਰਨ ਦੱਸੋ ਨੋਟਿਸ ਭੇਜਿਆ ਹੈ।
ਉਥੇ ਹੀ ਮਨੋਜ ਤਿਵਾੜੀ ਨੇ ਕਿਹਾ ਕਿ ਮੇਰੇ ਕ੍ਰਿਕਟ ਖੇਡਣ ਦੀ ਬਹੁਤ ਚਰਚਾ ਹੈ ਜਦੋਂ ਕਿ ਅਸਲ 'ਚ ਮੈਂ ਲਾਕਡਾਊਨ ਦੇ ਨਿਯਮ ਦੇ ਤਹਿਤ ਹੀ ਕ੍ਰਿਕਟ ਖੇਡਿਆ ਹੈ। ਆਮ ਆਦਮੀ ਪਾਰਟੀ ਜਾਣਬੁੱਝ ਕੇ ਇਸ ਮਾਮਲੇ ਨੂੰ ਚੁੱਕ ਰਹੀ ਹੈ ਤਾਂਕਿ ਕੇਜਰੀਵਾਲ ਸਰਕਾਰ ਦੀਆਂ ਉਨ੍ਹਾਂ ਗੱਲਾਂ ਨੂੰ ਲੁਕਾ ਸਕਣ ਜਿਨ੍ਹਾਂ 'ਤੇ ਜਨਤਾ ਸਵਾਲ ਪੁੱਛ ਰਹੀ ਹੈ।