ਮਨੋਜ ਤਿਵਾੜੀ ਨੇ ਕੇਜਰੀਵਾਲ ਨੂੰ ਪੱਤਰ ਲਿਖ ਕੇ ਓਡ-ਈਵਨ ਯੋਜਨਾ ਦਾ ਕੀਤਾ ਵਿਰੋਧ

09/14/2019 5:56:35 PM

ਨਵੀਂ ਦਿੱਲੀ— ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਨੀਵਾਰ ਨੂੰ ਪੱਤਰ ਲਿਖ ਕੇ ਓਡ-ਈਵਨ ਨੂੰ ਫਿਰ ਤੋਂ ਲਾਗੂ ਕਰਨ ਦੇ ਕਦਮ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਲੋਕਾਂ ਲਈ ਸਮੱਸਿਆ ਪੈਦਾ ਕਰੇਗੀ। ਤਿਵਾੜੀ ਨੇ ਕੇਜਰੀਵਾਲ ਨੂੰ ਲਿਖੇ ਪੱਤਰ 'ਚ ਦੋਸ਼ ਲਗਾਇਆ ਕਿ ਇਹ ਦਿੱਲੀ ਵਾਸੀਆਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਭਟਕਾਉਣ ਦੀ ਚਾਲਬਾਜ਼ੀ ਹੈ।'' ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ)ਸਰਕਾਰ ਕੰਮ ਦੇ ਮੋਰਚੇ 'ਤੇ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਆਪਣੇ ਪ੍ਰਚਾਰ ਲਈ ਇਸ਼ਤਿਹਾਰਾਂ 'ਤੇ ਟੈਕਸ ਦਾਤਾਵਾਂ ਦਾ ਪੈਸਾ ਇਸਤੇਮਾਲ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ,''ਮੈਂ ਦਿੱਲੀ 'ਚ ਨਵੰਬਰ ਦੇ ਮਹੀਨੇ 'ਚ ਓਡ-ਈਵਨ ਨੀਤੀ ਨੂੰ ਇਕ ਵਾਰ ਫਿਰ ਲਾਗੂ ਕਰਨ ਦੇ ਤੁਹਾਡੀ ਸਰਕਾਰ ਦੇ ਫੈਸਲੇ 'ਤੇ ਬਹੁਤ ਗੁੱਸਾ ਹੋ ਕੇ ਤੁਹਾਨੂੰ ਇਹ ਪੱਤਰ ਲਿਖ ਰਿਹਾ ਹਾਂ। ਇਹ ਫੈਸਲਾ ਬਿਨਾਂ ਸੋਚੇ-ਸਮਝੇ ਲਿਆ ਗਿਆ ਹੈ। ਪਿਛਲੀ ਵਾਰ ਜਦੋਂ ਇਹ ਲਿਆਂਦਾ ਗਿਆ ਸੀ, ਉਦੋਂ ਦਿੱਲੀ ਵਾਸੀਆਂ ਲਈ ਬਹੁਤ ਸਮੱਸਿਆ ਪੈਦਾ ਹੋਈ ਸੀ।''

ਕੇਜਰੀਵਾਲ ਨੇ ਦਿੱਲੀ 'ਚ 4 ਤੋਂ 15 ਨਵੰਬਰ ਦਰਮਿਆਨ ਓਡ-ਈਵਨ ਯੋਜਨਾ ਲਾਗੂ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਮਿਆਦ ਦੌਰਾਨ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜੇ ਜਾਣ ਕਾਰਨ ਸ਼ਹਿਰ 'ਚ ਪ੍ਰਦੂਸ਼ਣ ਦੇ ਉੱਚ ਪੱਧਰ ਤੱਕ ਪਹੁੰਚਣ ਵਿਰੁੱਧ ਚੁੱਕੇ ਗਏ 7 ਕਦਮਾਂ 'ਚੋਂ ਇਹ ਇਕ ਹੋਵੇਗਾ। ਤਿਵਾੜੀ ਨੇ ਆਪਣੇ ਪੱਤਰ 'ਚ ਕਿਹਾ,''ਦਿੱਲੀ ਦੇ ਲੋਕਾਂ ਦੇ ਹਿੱਤ 'ਚ, ਮੈਂ ਤੁਹਾਨੂੰ ਓਡ-ਈਵਨ ਯੋਜਨਾ ਲਾਗੂ ਕਰਨ ਦੇ ਇਸ ਫੈਸਲੇ 'ਤੇ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕਰਦਾ ਹਾਂ ਅਤੇ ਕ੍ਰਿਪਾ ਦਿੱਲੀ ਵਾਸੀਆਂ ਨੂੰ ਬਖਸ਼ ਦੇਣ, ਜਿਨ੍ਹਾਂ ਨੂੰ ਇਸ ਕਦਮ ਕਾਰਨ ਬਿਨਾਂ ਕਾਰਨ ਪਰੇਸ਼ਾਨੀ ਹੋਵੇਗੀ।'' ਪ੍ਰਦੇਸ਼ ਪ੍ਰਧਾਨ ਨੇ ਦੋਸ਼ ਲਗਾਇਆ ਕਿ ਇਹ ਕਦਮ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਦਾ ਅਪਮਾਨ ਹੋਵੇਗਾ, ਜੋ ਪ੍ਰਦੂਸ਼ਣ ਲਈ ਆਪਣੇ ਵਾਹਨਾਂ ਦੀ ਨਿਯਮਿਤ ਜਾਂਚ ਕਰਵਾਉਂਦੇ ਹਨ, ਕਿਉਂਕਿ ਉਨ੍ਹਾਂ ਨੂੰ ਆਉਣ-ਜਾਣ ਅਤੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ 'ਚ ਸਮੱਸਿਆ ਹੋਵੇਗੀ।


DIsha

Content Editor

Related News