ਰਾਜਨਾਥ ਸਿੰਘ ਤੇ ਉੱਪ ਰਾਸ਼ਟਰਪਤੀ ਨਾਇਡੂ ਨੂੰ ਮਿਲੇ ਸੀ. ਐੱਮ. ਖੱਟੜ
Tuesday, Oct 29, 2019 - 01:01 PM (IST)

ਨਵੀਂ ਦਿੱਲੀ/ਹਰਿਆਣਾ (ਵਾਰਤਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੰਗਲਵਾਰ ਭਾਵ ਅੱਜ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨਾਲ ਉਨ੍ਹਾਂ ਦੇ ਨਿਵਾਸ 'ਤੇ ਮੁਲਾਕਾਤ ਕੀਤੀ। ਖੱਟੜ ਨੇ ਟਵਿੱਟਰ 'ਤੇ ਨਾਇਡੂ ਨਾਲ ਮੁਲਾਕਾਤ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਖੱਟੜ ਨੇ ਕੌਮਾਂਤਰੀ ਗੀਤਾ ਮਹਾਉਤਸਵ 2019 ਦਾ ਉਦਘਾਟਨ ਕਰਨ ਲਈ ਉੱਪ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਹੈ।
ਮਹਾਉਤਸਵ ਤਹਿਤ ਮੁੱਖ ਪ੍ਰੋਗਰਾਮ ਕੁਰੂਕਸ਼ੇਤਰ 'ਚ 3 ਤੋਂ 8 ਦਸੰਬਰ ਤਕ ਆਯੋਜਿਤ ਹੋਣਗੇ। ਇੱਥੇ ਦੱਸ ਦੇਈਏ ਕਿ ਖੱਟੜ 27 ਅਕਤੂਬਰ ਨੂੰ ਹਰਿਆਣਾ ਦੇ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ। ਹਰਿਆਣਾ ਵਿਧਾਨ ਸਭਾ ਦੇ 24 ਅਕਤੂਬਰ ਨੂੰ ਆਏ ਨਤੀਜਿਆਂ 'ਚ ਇਸ ਵਾਰ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਭਾਜਪਾ ਪਾਰਟੀ ਨੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨਾਲ ਗਠਜੋੜ ਕਰ ਕੇ ਸਰਕਾਰ ਬਣਾਈ ਹੈ। ਖੱਟੜ ਮੁੱਖ ਮੰਤਰੀ, ਜਦਕਿ ਜੇ. ਜੇ. ਪੀ. ਮੁਖੀ ਦੁਸ਼ਯੰਤ ਚੌਟਾਲਾ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਓਧਰ ਖੱਟੜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਅਹੁਦੇ ਦੀ ਮੁੜ ਸਹੁੰ ਚੁੱਕਣ ਤੋਂ ਬਾਅਦ ਖੱਟੜ ਅੱਜ ਪਹਿਲੀ ਵਾਰ ਨਵੀਂ ਦਿੱਲੀ ਪੁੱਜੇ। ਮੁੱਖ ਮੰਤਰੀ ਖੱਟੜ ਨੇ ਸਿੰਘ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸਿੰਘ ਨੇ ਖੱਟੜ ਨੂੰ ਹਰਿਆਣਾ ਨੂੰ ਵਿਕਾਸ ਅਤੇ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।