ਮਰਕਜ਼ ''ਚ ਸ਼ਾਮਲ ਹੋਏ ਲੋਕ ਸਾਹਮਣੇ ਆਉਣ, ਨਹੀਂ ਤਾਂ ਹੋਵੇਗੀ ਸਖਤ ਕਾਰਵਾਈ : ਸਿਸੋਦੀਆ
Wednesday, Apr 01, 2020 - 01:12 PM (IST)
ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨਿਜਾਮੁਦੀਨ ਮਰਕਜ਼ ਮਾਮਲੇ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪੂਰੀ ਮੁਹਿੰਮ 'ਚ 2361 ਲੋਕਾਂ ਨੂੰ ਕੱਢਿਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ 617 ਲੋਕਾਂ 'ਚ ਕੋਰੋਨਾ ਦੇ ਲੱਛਣ ਪਾਏ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਉੱਥੇ ਹੀ ਹੋਰ ਲੋਕਾਂ ਨੂੰ ਕੁਆਰਟਿਨ 'ਚ ਰੱਖਿਆ ਗਿਆ ਹੈ। ਇਸ ਦੌਰਾਨ ਸਿਸੋਦੀਆ ਨੇ ਕਿਹਾ,''ਮੈਂ ਪ੍ਰਸ਼ਾਸਨ, ਪੁਲਸ ਅਤੇ ਮੈਡੀਕਲ ਟੀਮ ਦਾ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇੰਨੇ ਸਾਰੇ ਲੋਕਾਂ ਨੂੰ ਇੱਥੋਂ ਕੱਢਿਆ। ਜਦੋਂ ਕਿ ਉਹ ਇਹ ਵੀ ਜਾਣਦੇ ਸਨ ਕਿ ਇਨ੍ਹਾਂ 'ਚੋਂ ਕਈ ਲੋਕ ਕੋਰੋਨਾ ਪੀੜਤ ਹੋ ਸਕਦੇ ਹਨ।''
ਇਹ ਵੀ ਪੜ੍ਹੋ : ਨਿਜ਼ਾਮੂਦੀਨ ਮਰਕਜ਼ ਦੀ 'ਤਬਲੀਗੀ ਜਮਾਤ' 'ਚ 1830 ਲੋਕ, ਜਾਣੋ ਕਿੱਥੋਂ ਤਕ ਫੈਲਿਆ ਕੋਰੋਨਾ
ਉੱਥੇ ਹੀ ਮਾਮਲੇ ਦੀ ਜਾਂਚ ਨੂੰ ਲੈ ਕੇ ਸਿਸੋਦੀਆ ਨੇ ਕਿਹਾ ਕਿ ਸਾਈਬਰ ਸੈੱਲ ਇਨ੍ਹਾਂ ਦੇ ਨੰਬਰਾਂ ਦੀ ਜਾਂਚ ਕਰੇਗੀ ਕਿ ਇਹ ਇਸ ਦੌਰਾਨ ਕਿਸ-ਕਿਸ ਨੂੰ ਮਿਲੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮਰਕਜ਼ 'ਚ ਸ਼ਾਮਲ ਸਾਰੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਸਾਰੇ ਸਾਹਮਣੇ ਆਓ। ਜੇਕਰ ਲੁਕਾ ਕੇ ਰੱਖੋਗੇ ਤਾਂ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਸੜਕਾਂ 'ਤੇ ਭੀੜ ਜਮ੍ਹਾ ਹੋਵੇਗੀ, ਰਾਸ਼ਟਰੀ ਆਫ਼ਤ ਕਾਨੂੰਨ ਦੇ ਅਧੀਨ ਅਪਰਾਧ ਮੰਨਿਆ ਜਾਵੇਗਾ ਅਤੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ।