ਆਬਕਾਰੀ ਘਪਲਾ ਮਾਮਲਾ; ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ ਖਾਰਜ

Tuesday, May 30, 2023 - 11:29 AM (IST)

ਆਬਕਾਰੀ ਘਪਲਾ ਮਾਮਲਾ; ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ ਖਾਰਜ

ਨਵੀਂ ਦਿੱਲੀ- ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ਦੀ ਜਾਂਚ ਸੀ. ਬੀ. ਆਈ. ਕਰ ਰਿਹਾ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਵੀ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਉਸ ਤੋਂ ਬਾਅਦ ਸਿਸੋਦੀਆ ਨੇ ਇਸ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਸੀ। 

ਦੱਸ ਦੇਈਏ ਕਿ ਦਿੱਲੀ ਦੇ ਸ਼ਰਾਬ ਘਪਲੇ ਮਾਮਲੇ ਵਿਚ ਮਨੀਸ਼ ਸਿਸੋਦੀਆ ਦੋਸ਼ੀ ਹਨ ਅਤੇ ਕਈ ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹਨ। ਸੀ. ਬੀ. ਆਈ. ਨੇ ਪਿਛਲੀ ਸੁਣਵਾਈ ਵਿਚ ਸਿਸੋਦੀਆ ਨੂੰ ਜ਼ਮਾਨਤ ਦੇਣ ਦੀ ਪਟੀਸ਼ਨ ਦਾ ਵਿਰੋਧ ਕੀਤਾ ਸੀ। ਸੀ. ਬੀ. ਆਈ. ਨੇ ਦਿੱਲੀ ਸ਼ਰਾਬ ਘਪਲੇ ਵਿਚ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ 'ਤੇ ਦਿੱਲੀ ਸ਼ਰਾਬ ਘਪਲੇ ਵਿਚ ਸ਼ਾਮਲ ਹੋਣ ਨਾਲ ਹੀ ਮਨੀ ਲਾਂਡਰਿੰਗ ਦਾ ਮਾਮਲਾ ਵੀ ਚੱਲ ਰਿਹਾ ਹੈ।

ਓਧਰ ਆਮ ਆਦਮੀ ਪਾਰਟੀ ਨੇ ਸੁਣਵਾਈ ਤੋਂ ਪਹਿਲਾਂ ਪੁਲਸ 'ਤੇ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਦਾ ਦੋਸ਼ ਲਾਇਆ ਸੀ ਅਤੇ ਇਸ ਦਾ ਵੀਡੀਓ ਵੀ ਜਾਰੀ ਕੀਤਾ ਸੀ। ਇਨ੍ਹਾਂ ਦੋਸ਼ਾਂ ਦੇ ਜਵਾਬ ਵਿਚ ਦਿੱਲੀ ਪੁਲਸ ਨੇ ਕਿਹਾ ਸੀ ਕਿ ਇਹ ਉਨ੍ਹਾਂ ਖਿਲਾਫ਼ ਮਾੜਾ ਪ੍ਰਚਾਰ ਹੈ। ਦਿੱਲੀ ਪੁਲਸ ਨੇ ਕਿਹਾ ਕਿ ਨਿਆਇਕ ਹਿਰਾਸਤ 'ਚ ਬੰਦ ਕਿਸੇ ਦੋਸ਼ੀ ਦਾ ਮੀਡੀਆ ਨੂੰ ਬਿਆਨ ਦੇਣਾ ਕਾਨੂੰਨ ਦੇ ਖ਼ਿਲਾਫ਼ ਹੈ।


author

Tanu

Content Editor

Related News