ਮਣੀਪੁਰ ''ਚ ਫਿਰ ਭੜਕੀ ਹਿੰਸਾ: ਦੋ ਗੁੱਟਾਂ ਦੀ ਗੋਲੀਬਾਰੀ ''ਚ 2 ਦੀ ਮੌਤ, 50 ਦੇ ਕਰੀਬ ਜ਼ਖ਼ਮੀ

Friday, Sep 08, 2023 - 06:45 PM (IST)

ਮਣੀਪੁਰ ''ਚ ਫਿਰ ਭੜਕੀ ਹਿੰਸਾ: ਦੋ ਗੁੱਟਾਂ ਦੀ ਗੋਲੀਬਾਰੀ ''ਚ 2 ਦੀ ਮੌਤ, 50 ਦੇ ਕਰੀਬ ਜ਼ਖ਼ਮੀ

ਇੰਫਾਲ- ਮਣੀਪੁਰ 'ਚ ਤੇਂਗਨੋਉਪਲ ਜ਼ਿਲ੍ਹੇ ਦੇ ਪੱਲੇਲ ਇਲਾਕੇ 'ਚ ਸ਼ੁੱਕਰਵਾਰ ਨੂੰ ਗੋਲੀਬਾਰੀ ਦੀਆਂ ਦੋ ਘਟਨਾਵਾਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 50 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ 'ਚ ਚਾਰ ਆਮ ਨਾਗਰਿਕਾਂ ਨੂੰ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੱਲੇਲ 'ਚ ਸਵੇਰੇ ਲਗਭਗ 6 ਵਜੇ ਦੋ ਗੁੱਟਾਂ 'ਚ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਾਕਚਿੰਗ ਜੀਵਨ ਹਸਪਤਾਲ 'ਚ ਉਸਨੂੰ ਮ੍ਰਿਤਕ ਹਾਲਤ 'ਚ ਲਿਆਇਆ ਗਿਆ ਜਦਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਹੋਰ ਲੋਕਾਂ ਨੂੰ ਇੰਫਾਲ ਲਿਜਾਇਆ ਗਿਆ। ਖੇਤਰੀ ਆਯੁਰਵਿਗਿਆਨ ਸੰਸਥਾ ਦੇ ਡਾਕਟਰਾਂ ਨੇ ਦੱਸਿਆ ਕਿ ਇਥੇ ਦਾਖਲ ਗੰਭੀਰ ਰੂਪ ਨਾਲ ਜ਼ਖ਼ਮੀਆਂ 'ਚ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਖ਼ਬਰ ਫੈਲਣ 'ਤੇ ਥਾਉਬਾਲ ਅਤੇ ਕਾਕਚਿੰਗ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਕਈ ਲੋਕ ਪੱਲੇਲ ਵੱਲ ਵਧੇ ਅਤੇ ਅਸਮ ਰਾਈਫਲਸ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਨਾਲ ਉਨ੍ਹਾਂ ਵਿਚਾਲੇ ਸ਼ੰਘਰਸ਼ ਦੀ ਸਥਿਤੀ ਟਲ ਗਈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੇ ਦੋ ਗੁੱਟਾਂ ਵਿਚਾਲੇ ਹੋਈ ਗੋਲੀਬਾਰੀ 'ਚ 48 ਸਾਲਾ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ 'ਤੇ ਕਾਬੂ ਪਾਉਣ ਲਈ ਅਸਾਮ ਰਾਈਫਲਜ਼ ਵੱਲੋਂ ਅੱਥਰੂ ਦੇ ਗੋਲੇ ਦਾਗੇ ਜਾਣ ਕਾਰਨ 45 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਉਨ੍ਹਾਂ ਦੱਸਿਆ ਕਿ ਅਸਾਮ ਰਾਈਫਲਸ ਦਾ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਭੀੜ ਨੂੰ ਕਾਬੂ ਕਰਨ ਲਈ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਦੀ ਇੱਕ ਟੁਕੜੀ ਇੰਫਾਲ ਤੋਂ ਪੱਲੇਲ ਜਾ ਰਹੀ ਸੀ ਪਰ ਥੌਬਲ ਵਿਖੇ ਸਥਾਨਕ ਲੋਕਾਂ ਨੇ ਉਸ ਨੂੰ ਰੋਕ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਕੁਝ ਸਮੇਂ ਲਈ ਰੁਕ ਗਈ ਹੈ ਪਰ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪ੍ਰਦਰਸ਼ਨਕਾਰੀ ਬੁੱਧਵਾਰ ਨੂੰ ਬਿਸ਼ਨੂਪੁਰ ਜ਼ਿਲੇ ਦੇ ਫੂਗਾਕਚਾਓ ਇਖਾਈ ਖੇਤਰ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਸਨ ਅਤੇ ਸੁਰੱਖਿਆ ਕਰਮੀਆਂ ਦੀ ਨਾਕਾਬੰਦੀ ਤੋੜ ਕੇ ਟੋਰਬੰਗ 'ਚ ਉਨ੍ਹਾਂ ਦੇ ਘਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ।


author

Rakesh

Content Editor

Related News