ਮਣੀਪੁਰ : ਐਂਬੁਲੈਂਸ ’ਚ 7 ਸਾਲਾ ਬੱਚੇ, ਉਸ ਦੀ ਮਾਂ ਅਤੇ ਚਾਚੀ ਨੂੰ ਜ਼ਿੰਦਾ ਸਾੜਣ ਦੀ ਜਾਂਚ CBI ਦੇ ਹਵਾਲੇ

Monday, Aug 21, 2023 - 12:23 PM (IST)

ਮਣੀਪੁਰ : ਐਂਬੁਲੈਂਸ ’ਚ 7 ਸਾਲਾ ਬੱਚੇ, ਉਸ ਦੀ ਮਾਂ ਅਤੇ ਚਾਚੀ ਨੂੰ ਜ਼ਿੰਦਾ ਸਾੜਣ ਦੀ ਜਾਂਚ CBI ਦੇ ਹਵਾਲੇ

ਇੰਫਾਲ, (ਭਾਸ਼ਾ)- ਮਣੀਪੁਰ ’ਚ ਇਕ ਕੁਕੀ-ਮੇਇਤੀ ਪਤੀ-ਪਤਨੀ ਦੇ 7 ਸਾਲਾ ਬੱਚੇ ਨੂੰ ਉਸ ਦੀ ਮਾਂ ਅਤੇ ਚਾਚੀ ਦੇ ਨਾਲ ਜ਼ਿੰਦਾ ਸਾੜ ਦਿੱਤੇ ਜਾਣ ਦੀ ਘਟਨਾ ਸਮੇਤ 20 ਮਾਮਲੇ ਜਾਂਚ ਲਈ ਪੁਲਸ ਨੇ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪ ਦਿੱਤੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸੀ. ਬੀ. ਆਈ. ਨੇ 3 ਮਈ ਤੋਂ ਸੂਬੇ ’ਚ ਹੋਈਆਂ ਨਸਲੀ ਝੜਪਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦੇਣ ਦੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ’ਚ ਪਹਾੜੀ ਜ਼ਿਲਿਆਂ ’ਚ ‘ਆਦਿਵਾਸੀ ਇਕਜੁੱਟਤਾ ਮਾਰਚ’ ਆਯੋਜਿਤ ਕੀਤੇ ਜਾਣ ਤੋਂ ਬਾਅਦ ਕੁਕੀ ਅਤੇ ਮੇਇਤੀ ਲੋਕਾਂ ਵਿਚਾਲੇ ਝੜਪਾਂ ਸ਼ੁਰੂ ਹੋਈਆਂ।

ਹਿੰਸਾ ’ਚ ਹੁਣ ਤੱਕ 160 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। 4 ਜੂਨ ਨੂੰ ਪੱਛਮੀ ਇੰਫਾਲ ਜ਼ਿਲੇ ਦੇ ਇਰੋਇਸੇਂਬਾ ’ਚ ਭੀੜ ਨੇ ਪੁਲਸ ਦੀ ਨਿਗਰਾਨੀ ’ਚ ਰਹੀ ਇਕ ਐਂਬੁਲੈਂਸ ’ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਅੱਗ ਲਾ ਦਿੱਤੀ। ਗੋਲੀਬਾਰੀ ਦੀ ਇਕ ਘਟਨਾ ਦੌਰਾਨ 7 ਸਾਲਾ ਬੱਚੇ ਟੋਨਸਿੰਗ ਦੇ ਸਿਰ ’ਚ ਗੋਲੀ ਲੱਗਣ ਤੋਂ ਬਾਅਦ ਉਸ ਦੀ ਮਾਂ ਮੀਨਾ ਹੈਂਗਸਿੰਗ ਅਤੇ ਚਾਚੀ ਲਿਡਿਆ ਲੌਰੇਂਬਮ ਉਸ ਨੂੰ ਮਣੀਪੁਰ ਦੀ ਰਾਜਧਾਨੀ ਦੇ ਇਕ ਹਸਪਤਾਲ ’ਚ ਲਿਜਾ ਰਹੀਆਂ ਸਨ। ਬੱਚੇ ਦੀ ਮਾਂ ਮੇਇਤੀ ਭਾਈਚਾਰੇ ਤੋਂ ਸੀ, ਜਦੋਂ ਕਿ ਉਸ ਦੇ ਪਿਤਾ ਕੁਕੀ ਹਨ।

ਸੀ. ਬੀ. ਆਈ. ਦੇ ਅਧਿਕਾਰੀਆਂ ਨੂੰ 2 ਐੱਫ. ਆਈ. ਆਰਜ਼ ਸੌਂਪੀਆਂ ਗਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਭੀੜ ਨੇ ਉਨ੍ਹਾਂ ’ਤੇ ਹਮਲਾ ਕੀਤਾ ਤਾਂ ਐਂਬੁਲੈਂਸ ’ਚ ਟੋਨਸਿੰਗ, ਉਸ ਦੀ ਮਾਂ ਅਤੇ ਚਾਚੀ (ਦੋਵੇਂ ਮੇਇਤੀ ਈਸਾਈ), ਇਕ ਡਰਾਈਵਰ ਅਤੇ ਇਕ ਨਰਸ ਸਨ। ਡਰਾਈਵਰ ਅਤੇ ਨਰਸ ਨੂੰ ਦੌੜ ਜਾਣ ਦਿੱਤਾ ਗਿਆ, ਜਦੋਂ ਕਿ ਪੁਲਸ ਮੁਲਾਜ਼ਮਾਂ ਨੂੰ ਪਿੱਛੇ ਹਟਣਾ ਪਿਆ, ਜਿਨ੍ਹਾਂ ਨੇ ਹਵਾ ’ਚ ਗੋਲੀ ਚਲਾਈ। ਅਧਿਕਾਰੀਆਂ ਨੇ ਕਿਹਾ ਕਿ ਭੀੜ ਨੇ ਬੱਚੇ ਦੀ ਮਾਂ ਅਤੇ ਚਾਚੀ ਵੱਲੋਂ ਉਨ੍ਹਾਂ ਨੂੰ ਜਾਣ ਦੇਣ ਦੀ ਵਾਰ- ਵਾਰ ਕੀਤੀ ਗਈ ਅਪੀਲ ਨੂੰ ਅਣਗੌਲਿਆਂ ਕਰ ਦਿੱਤਾ ਅਤੇ ਐਂਬੁਲੈਂਸ ਨੂੰ ਅੱਗ ਲਾ ਦਿੱਤੀ ਜਿਸ ’ਚ ਤਿੰਨਾਂ ਦੀ ਸੜ ਕੇ ਮੌਤ ਹੋ ਗਈ।


author

Rakesh

Content Editor

Related News