ਜਗਨਨਾਥ ਪੁਰੀ ''ਚ ਬਾਬੇ ਨਾਨਕ ਨਾਲ ਸੰਬੰਧਤ ਮੰਗੂ ਮਠ ਅਤੇ ਨਾਨਕ ਮਠ ''ਤੇ ਖਤਰਾ

11/19/2019 11:42:06 AM

ਓਡੀਸ਼ਾ— ਓਡੀਸ਼ਾ ਦੇ ਜਗਨਨਾਥ ਪੁਰੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਮੰਗੂ ਮਠ ਅਤੇ ਨਾਨਕ ਮਠ ਨੂੰ ਢਾਉਣ ਦੀਆਂ ਤਿਆਰੀਆਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। 12ਵੀਂ ਸਦੀ ਦੇ ਇਸ ਮੰਦਰ ਦੀ ਸੁਰੱਖਿਆ ਯਕੀਨੀ ਕਰਨ ਲਈ ਇਨ੍ਹਾਂ ਮਠਾਂ ਨੂੰ ਢਾਹਿਆ ਜਾਵੇਗਾ। ਇਨ੍ਹਾਂ ਦੋਹਾਂ ਮਠਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਡੀਸ਼ਾ ਦੇ ਸੀ. ਐੱਮ. ਨਵੀਨ ਪਟਨਾਇਕ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਇਨ੍ਹਾਂ ਮਠਾਂ ਨੂੰ ਢਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਇਹ ਦੋਵੇਂ ਮਠ ਸੋਮਵਾਰ ਨੂੰ ਢਾਹੇ ਜਾਣੇ ਸਨ ਪਰ ਇਨ੍ਹਾਂ ਨੂੰ ਬਚਾਉਣ 'ਚ ਲੱਗੇ ਸਮਾਜਿਕ ਵਰਕਰਾਂ ਦੇ ਵਿਰੋਧ ਕਾਰਨ ਪੁਰੀ ਦੇ ਡਿਪਟੀ ਕਮਿਸ਼ਨਰ ਬਲਵੰਤ ਸਿੰਘ ਨੇ 2 ਦਿਨ ਦਾ ਸਮਾਂ ਦਿੱਤਾ ਹੈ।

ਸਤੰਬਰ 'ਚ ਫੈਸਲਾ ਹੋਇਆ ਸੀ ਕਿ ਜਗਨਨਾਥ ਪੁਰੀ ਮੰਦਰ ਦੀ ਕੰਧ ਨਾਲ 70 ਮੀਟਰ ਤਕ ਦੇ ਖੇਤਰ ਨੂੰ ਖਾਲੀ ਕਰਵਾਇਆ ਜਾਵੇਗਾ। ਇਸ ਦਾਇਰੇ ਵਿਚ ਆਉਣ ਵਾਲੀਆਂ ਸਾਰੀਆਂ ਇਮਾਰਤਾਂ ਨੂੰ ਤੋੜ ਦਿੱਤਾ ਜਾਵੇਗਾ। ਉਦੋਂ ਤੋਂ ਇਹ ਮਾਮਲਾ ਵਿਵਾਦਾਂ ਦੇ ਘੇਰੇ 'ਚ ਹੈ। ਹੁਣ ਤਕ 68 ਮੀਟਰ ਦੇ ਖੇਤਰ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ। ਬਾਕੀ ਬਚੇ ਹੋਏ ਖੇਤਰ ਨੂੰ ਖਾਲੀ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਨੇ ਸੋਮਵਾਰ ਨੂੰ ਮੁੜ ਤੋਂ ਜੇ. ਸੀ. ਬੀ. ਮਸ਼ੀਨਾਂ ਲੱਗਾ ਦਿੱਤੀਆਂ।

ਬਾਬੇ ਨਾਨਕ ਨਾਲ ਸੰਬੰਧਤ ਇਨ੍ਹਾਂ ਦੋਹਾਂ ਮਠਾਂ ਨੂੰ ਬਚਾਉਣ 'ਚ ਲੱਗੇ ਸਮਾਜਿਕ ਵਰਕਰ ਅਨਿਲ ਧੀਰ ਨੇ ਇਕ ਹਿੰਦੀ ਅਖਬਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਅਸੀਂ ਸਾਰਿਆਂ ਦੇ ਰੋਸ ਪ੍ਰਦਰਸ਼ਨ ਕਾਰਨ ਫਿਲਹਾਲ ਤਾਂ ਕੰਮ ਰੋਕ ਦਿੱਤਾ ਹੈ ਪਰ ਡੀ. ਸੀ. ਨੇ 21 ਨਵੰਬਰ ਨੂੰ ਹਰ ਹਾਲਤ 'ਚ ਸਾਰੇ ਮਠ ਢਾਉਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਸੁਪਰੀਮ ਕੋਰਟ 'ਚ ਪੈਂਡਿੰਗ ਹੈ। ਕੋਰਟ ਨੇ ਇਸ ਨੂੰ ਢਾਉਣ ਦੀ ਇਜਾਜ਼ਤ ਅਜੇ ਤਕ ਨਹੀਂ ਦਿੱਤੀ ਹੈ। ਇਸ ਤਰ੍ਹਾਂ ਦੀ ਕਾਰਵਾਈ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਸੁਪਰੀਮ ਕੋਰਟ 'ਚ ਜਾਵਾਂਗੇ। ਇੱਥੇ ਦੱਸ ਦੇਈਏ ਕਿ ਇਹ ਮਠ ਉਸ ਸਮੇਂ ਦੇ ਹਨ, ਜਦੋਂ ਗੁਰੂ ਜੀ ਆਪਣੀਆਂ ਉਦਾਸੀਆਂ ਦੌਰਾਨ ਪੁਰੀ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ 3 ਮਹੀਨੇ ਰਹੇ ਸਨ।


Tanu

Content Editor

Related News