ਅੰਬਾਂ ਦੇ ਸ਼ੌਕੀਨਾਂ ਲਈ ਖ਼ਤਰੇ ਦੀ ਘੰਟੀ ! ਕੈਮੀਕਲ ਲਾ ਕੇ ਪਕਾਏ ਜਾ ਰਹੇ ਫਲ, ਸਿਹਤ ਨਾਲ ਵੱਡਾ ਖਿਲਵਾੜ
Saturday, Apr 04, 2026 - 01:07 PM (IST)
ਹੈਦਰਾਬਾਦ- ਹੈਦਰਾਬਾਦ 'ਚ ਅੰਬਾਂ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਪੁਲਸ ਅਤੇ ਨਗਰ ਨਿਗਮ ਦੀਆਂ ਟੀਮਾਂ ਚੌਕਸ ਹੋ ਗਈਆਂ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਪਾਰੀਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਪੁਲਸ ਨੇ ਦੋ ਹੋਲਸੇਲ ਫਰੂਟ ਵਪਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਪਾਰੀ ਆਂਧਰਾ ਪ੍ਰਦੇਸ਼ ਤੋਂ ਲਿਆਂਦੇ ਅੰਬਾਂ ਨੂੰ ਜਲਦੀ ਪਕਾਉਣ ਲਈ ਲੋੜ ਤੋਂ ਵੱਧ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕਰ ਰਹੇ ਸਨ।
7 ਟਨ ਅੰਬ ਅਤੇ ਰਸਾਇਣ ਬਰਾਮਦ
ਹੈਦਰਾਬਾਦ ਫੂਡ ਐਡਲਟਰੇਸ਼ਨ ਸਰਵੀਲੈਂਸ ਟੀਮ (H-Fast) ਨੇ ਸ਼ਹਿਰ ਦੇ ਵੱਖ-ਵੱਖ ਗੋਦਾਮਾਂ 'ਤੇ ਛਾਪੇਮਾਰੀ ਕਰਕੇ ਲਗਭਗ 7 ਟਨ ਅੰਬ ਜ਼ਬਤ ਕੀਤੇ ਹਨ। ਅਧਿਕਾਰੀਆਂ ਅਨੁਸਾਰ ਇਨ੍ਹਾਂ ਅੰਬਾਂ ਨੂੰ ਐਥੀਲੀਨ ਅਤੇ ਕੈਲਸ਼ੀਅਮ ਕਾਰਬਾਈਡ ਵਰਗੇ ਖ਼ਤਰਨਾਕ ਰਸਾਇਣਾਂ ਨਾਲ ਪਕਾਇਆ ਗਿਆ ਹੋ ਸਕਦਾ ਹੈ। ਪੁਲਸ ਨੇ ਚੂੜੀ ਬਾਜ਼ਾਰ 'ਚੋਂ ਇਕ ਵਪਾਰੀ ਕੋਲੋਂ “ਡਾਇਮੰਡ ਰਾਈਪ ਐਥੀਲੀਨ” ਦੇ 24 ਤੋਂ ਵੱਧ ਪੈਕੇਟ ਵੀ ਬਰਾਮਦ ਕੀਤੇ ਹਨ।
ਸਿਹਤ ਲਈ ਘਾਤਕ ਹੋ ਸਕਦੇ ਹਨ ਅਜਿਹੇ ਅੰਬ
ਹੈਦਰਾਬਾਦ ਦੇ ਪੁਲਸ ਕਮਿਸ਼ਨਰ ਵੀ.ਸੀ. ਸੱਜਨਾਰ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚਮਕਦਾਰ ਅਤੇ ਸੁਨਹਿਰੀ ਦਿਖਣ ਵਾਲੇ ਅੰਬ ਖ਼ਰੀਦਣ ਵੇਲੇ ਸਾਵਧਾਨੀ ਵਰਤਣ ਦੀ ਲੋੜ ਹੈ। ਰਸਾਇਣਾਂ ਨਾਲ ਪੱਕੇ ਅੰਬ ਬਾਹਰੋਂ ਪੀਲੇ ਦਿਖਾਈ ਦਿੰਦੇ ਹਨ ਪਰ ਅੰਦਰੋਂ ਕੱਚੇ ਹੋ ਸਕਦੇ ਹਨ। ਅਜਿਹੇ ਅੰਬ ਖਾਣ ਨਾਲ ਗਲੇ 'ਚ ਜਲਣ, ਉਲਟੀ, ਜੀਅ ਕੱਚਾ ਹੋਣਾ ਅਤੇ ਦਸਤ ਵਰਗੀਆਂ ਤੁਰੰਤ ਸਮੱਸਿਆਵਾਂ ਹੋ ਸਕਦੀਆਂ ਹਨ। ਲੰਬੇ ਸਮੇਂ 'ਚ ਇਹ ਨਰਵਸ ਸਿਸਟਮ ਅਤੇ ਫੇਫੜਿਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।
ਕਿਵੇਂ ਕਰੀਏ ਪਛਾਣ?
ਕੁਦਰਤੀ ਤੌਰ 'ਤੇ ਪੱਕੇ ਅੰਬਾਂ ਦਾ ਰੰਗ ਇੱਕੋ ਜਿਹਾ ਨਹੀਂ ਹੁੰਦਾ। ਜੇਕਰ ਅੰਬ 'ਚੋਂ ਅਜੀਬ ਗੰਧ ਆਵੇ, ਉਸ ਦਾ ਸੁਆਦ ਵੱਖਰਾ ਹੋਵੇ ਜਾਂ ਉਸ 'ਤੇ ਅਜੀਬ ਧੱਬੇ ਦਿਖਾਈ ਦੇਣ, ਤਾਂ ਉਹ ਰਸਾਇਣਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਇਸ ਸਮੇਂ ਬਾਜ਼ਾਰਾਂ 'ਚ ਤੇਲੰਗਾਨਾ ਤੋਂ ਇਲਾਵਾ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਵੀ 25 ਤੋਂ ਵੱਧ ਕਿਸਮਾਂ ਦੇ ਅੰਬ ਪਹੁੰਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
