ਫਰਜ਼ੀ CBSE ਮਾਨਤਾ ਦਿਖਾ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ, ਸਕੂਲ ਦੀ ਪ੍ਰਿੰਸੀਪਲ ਗ੍ਰਿਫ਼ਤਾਰ
Monday, Apr 20, 2026 - 01:49 PM (IST)
ਗੁਰੂਗ੍ਰਾਮ- ਗੁਰੂਗ੍ਰਾਮ- ਗੁਰੂਗ੍ਰਾਮ ਪੁਲਸ ਨੇ 10ਵੀਂ ਜਮਾਤ ਤੱਕ ਦੀ ਫਰਜ਼ੀ ਸੀਬੀਐੱਸਈ ਮਾਨਤਾ ਦਿਖਾ ਕੇ ਵਿਦਿਆਰਥੀਆਂ ਨੂੰ ਧੋਖਾ ਦੇਣ ਦੇ ਦੋਸ਼ 'ਚ ਇਕ ਨਿੱਜੀ ਸਕੂਲ ਦੇ ਚੇਅਰਮੈਨ ਦੀ ਗ੍ਰਿਫ਼ਤਾਰੀ ਦੀ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਹੁਣ ਇਸ ਮਾਮਲੇ 'ਚ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਇਹ ਕਾਰਵਾਈ 10ਵੀਂ ਜਮਾਤ ਦੀ ਇਕ ਵਿਦਿਆਰਥਣ ਦੇ ਮਾਤਾ-ਪਿਤਾ ਵਲੋਂ ਐੱਫਆਈਆਰ ਦਰਜ ਕਰਵਾਏ ਜਾਣ ਮਗਰੋਂ ਕੀਤੀ ਗਈ। ਸ਼ਿਕਾਇਤ 'ਚ ਸੈਕਟਰ 9ਬੀ 'ਚ ਸਥਿਤ ਐਜੂਕ੍ਰਸਟ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ, ਡਾਇਰੈਕਟਰ ਅਤੇ ਹੋਰ ਲੋਕਾਂ 'ਤੇ ਦੋਸ਼ ਲਗਾਏ ਗਏ ਸਨ, ਕਿਉਂਕਿ ਵਿਦਿਆਰਥਣ ਨੂੰ ਬੋਰਡ ਪ੍ਰੀਖਿਆ ਦਾ ਐਡਮਿਟ ਕਾਰਡ ਨਹੀਂ ਦਿੱਤਾ ਗਿਆ।
ਪੁਲਸ ਨੇ ਦੱਸਿਆ ਕਿ ਬਸਈ ਪਿੰਡ ਦੀ ਰਹਿਣ ਵਾਲੀ ਪ੍ਰਿੰਸੀਪਲ ਰਿਧੀਮਾ ਕਟਾਰੀਆ ਐੱਫਆਈਆਰ ਦਰਜ ਹੋਣ ਤੋਂ ਬਾਅਦ ਗੁਜਰਾਤ ਦੌੜ ਗਈ ਸੀ, ਜਿੱਥੋਂ ਹੁਣ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛ-ਗਿੱਛ 'ਚ ਪਤਾ ਲੱਗਾ ਹੈ ਕਿ ਵਿਨੇ ਕਟਾਰੀਆ ਪਿਛਲੇ 8 ਸਾਲਾਂ ਤੋਂ ਇਸ ਸਕੂਲ ਨੂੰ ਚਲਾ ਰਿਹਾ ਹੈ। ਸਕੂਲ ਨੂੰ 8ਵੀਂ ਜਮਾਤ ਤੱਕ ਸੀਬੀਐੱਸਈ ਦੀ ਮਾਨਤਾ ਪ੍ਰਾਪਤ ਹੈ। ਦੋਸ਼ੀ ਨੇ ਪੈਸਿਆਂ ਦੇ ਲਾਲਚ 'ਚ 10ਵੀਂ ਜਮਾਤ ਦੀ ਫਰਜ਼ੀ ਮਾਨਤਾ ਦਿਖਾ ਕੇ 25 ਬੱਚਿਆਂ ਨੂੰ 9ਵੀਂ ਅਤੇ 10ਵੀਂ 'ਚ ਦਾਖਲਾ ਦਿੱਤਾ। ਇਸ ਤਰ੍ਹਾਂ ਨਾਲ ਸਕੂਲ ਦੇ ਪ੍ਰਬੰਧਨ ਅਤੇ ਸਟਾਫ਼ ਵਲੋਂ ਸੀਬੀਐੱਸਈ ਦੀ ਫਰਜ਼ੀ ਮਾਨਤਾ ਦਿਖਾ ਕੇ ਧੋਖਾਧੜੀ ਕਰ ਕੇ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲਗਾਇਆ ਗਿਆ।
ਮਾਮਲਾ 17 ਫਰਵਰੀ ਨੂੰ ਸਾਹਮਣੇ ਆਇਆ ਸੀ, ਜਦੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਐਡਮਿਟ ਕਾਰਡ ਨਹੀਂ ਮਿਲਣ ਕਾਰਨ ਸੀਬੀਐੱਸਈ ਦੀ ਗਣਿਤ ਦੀ ਪ੍ਰੀਖਿਆ ਨਹੀਂ ਦੇ ਸਕੇ। ਇਸ ਤੋਂ ਬਾਅਦ 18 ਫਰਵਰੀ ਨੂੰ ਸਕੂਲ ਪ੍ਰਬੰਧਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਸ਼ਿਕਾਇਤ 'ਚ ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਗਾਇਆ ਕਿ ਨਿਯਮਿਤ ਫੀਸ ਲੈਣ ਦੇ ਬਾਵਜੂਦ ਐਡਮਿਟ ਕਾਰਡ ਜਾਰੀ ਨਹੀਂ ਕੀਤਾ, ਜਿਸ ਨਾਲ ਉਨ੍ਹਾਂ ਦੀ ਧੀ ਨਾਲ ਧੋਖਾਧੜੀ ਹੋਈ। ਉਨ੍ਹਾਂ ਕਿਹਾ ਕਿ ਦਾਖ਼ਲੇ ਦੇ ਸਮੇਂ ਸਕੂਲ ਨੇ ਖੁਦ ਨੂੰ ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਦੱਸਿਆ ਅਤੇ ਇਕ ਪ੍ਰਮਾਣ ਪੱਤਰ ਅਤੇ ਰਜਿਸਟਰੇਸ਼ਨ ਨੰਬਰ ਵੀ ਦਿਖਾਇਆ, ਜੋ ਬਾਅਦ 'ਚ ਗਲਤ ਨਿਕਲਿਆ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇਸ ਗਲਤੀ ਕਾਰਨ ਉਨ੍ਹਾਂ ਦੀ ਧੀ ਦਾ ਇਕ ਸਾਲ ਬਰਬਾਦ ਹੋ ਗਿਆ ਅਤੇ ਉਸ ਦਾ ਭਵਿੱਖ ਵੀ ਖਤਰੇ 'ਚ ਪੈ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
