ਪਹਾੜਾਂ ਦਾ ਸੇਬ ਜ਼ਿਆਦਾ ਤਾਕਤਵਰ, ਹਰ 100 ਮੀਟਰ ਦੀ ਉਚਾਈ ’ਤੇ ਵਧਦੀ ਹੈ ਫਲ ਦੀ ਪੌਸ਼ਟਿਕਤਾ
Tuesday, Apr 14, 2026 - 07:47 AM (IST)
ਨਵੀਂ ਦਿੱਲੀ (ਇੰਟ.) - ਪੁਰਾਣੀ ਮਾਨਤਾ ਹੈ ਕਿ ਰੋਜ਼ ਇਕ ਸੇਬ ਖਾਣ ਨਾਲ ਤੁਸੀਂ ਡਾਕਟਰ ਤੋਂ ਦੂਰ ਰਹਿ ਸਕਦੇ ਹੋ, ਭਾਵ ਇਸ ਨਾਲ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਤਾਜ਼ਾ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਉੱਚੇ ਇਲਾਕਿਆਂ ਵਿਚ ਉੱਗਣ ਵਾਲੇ ਸੇਬ ਵਧੇਰੇ ਸਿਹਤਮੰਦ ਹੁੰਦੇ ਹਨ। ਲੇਹ ਸਥਿਤ ਡਿਫੈਂਸ ਇੰਸਟੀਚਿਊਟ ਆਫ ਹਾਈ ਅਲਟੀਚਿਊਡ ਰਿਸਰਚ ਦੇ ਵਿਗਿਆਨੀਆਂ ਅਨੁਸਾਰ, ਹਰ 100 ਮੀਟਰ ਦੀ ਉਚਾਈ ਵਧਣ ਦੇ ਨਾਲ ਸੇਬ ਦੀ ਪੌਸ਼ਟਿਕਤਾ ਵੀ ਵਧਦੀ ਜਾਂਦੀ ਹੈ। ਖੋਜ ਵਿਚ ਇਹ ਵੀ ਸਿਫਾਰਸ਼ ਕੀਤੀ ਗਈ ਹੈ ਕਿ ਸੇਬ ਦੀ ਪੈਕੇਜਿੰਗ ’ਤੇ ਉਸ ਦੀ ਖੇਤੀ ਦੀ ਉਚਾਈ ਦਰਜ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉੱਚ ਗੁਣਵੱਤਾ ਵਾਲੇ ਸੇਬਾਂ ਨੂੰ ਪ੍ਰੀਮੀਅਮ ਸ਼੍ਰੇਣੀ ਮਿਲ ਸਕੇ ਅਤੇ ਉਤਪਾਦਕਾਂ ਨੂੰ ਬਿਹਤਰ ਮੁੱਲ ਪ੍ਰਾਪਤ ਹੋ ਸਕੇ।
ਇਹ ਵੀ ਪੜ੍ਹੋ - ਮਹਿੰਗੀ ਹੋਈ ਬਿਜਲੀ! ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
ਲੱਦਾਖ ਦੇ 6 ਪਿੰਡਾਂ ’ਚ ਹੋਇਆ ਅਧਿਐਨ
ਇਸ ਖੋਜ ਦੇ ਤਹਿਤ ਲੱਦਾਖ ਦੇ 6 ਪਿੰਡਾਂ ਵਿਚ ਉਗਾਈਆਂ ਜਾਣ ਵਾਲੀਆਂ ਸੇਬ ਦੀਆਂ ਦੋ ਪ੍ਰਮੁੱਖ ਕਿਸਮਾਂ ਤਹਰਾ ਅਤੇ ਮੰਗੋਲ ਦਾ ਅਧਿਐਨ ਕੀਤਾ ਗਿਆ। ਵਿਗਿਆਨੀਆਂ ਨੇ ਇਨ੍ਹਾਂ ਕਿਸਮਾਂ ਨੂੰ ਘੱਟ ਉਚਾਈ (3000 ਮੀਟਰ ਤੋਂ ਹੇਠਾਂ) ਅਤੇ ਵੱਧ ਉਚਾਈ (3500 ਮੀਟਰ ਤੋਂ ਉੱਪਰ) ਵਾਲੇ ਖੇਤਰਾਂ ਵਿਚ ਉਗਾ ਕੇ ਉਨ੍ਹਾਂ ਦੀ ਪੌਸ਼ਟਿਕਤਾ ਦੀ ਤੁਲਨਾ ਕੀਤੀ। ਲੈਬ ਟੈਸਟਾਂ ਵਿਚ ਸਪੱਸ਼ਟ ਹੋਇਆ ਕਿ ਉਚਾਈ ਦਾ ਸਿੱਧਾ ਅਸਰ ਸੇਬ ਦੀ ਗੁਣਵੱਤਾ ’ਤੇ ਪੈਂਦਾ ਹੈ। ਇਹ ਮਹੱਤਵਪੂਰਨ ਅਧਿਐਨ ‘ਡਿਫੈਂਸ ਲਾਈਫ ਸਾਇੰਸ ਜਨਰਲ’ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਹੁਣ LPG ਸਿਲੰਡਰ ਭਰਵਾਉਣ ਦੀ ਟੈਨਸ਼ਨ ਖ਼ਤਮ! ਦਿੱਲੀ 'ਚ ਰੋਜ਼ਾਨਾ ਲੱਗਣਗੇ 2200 ਨਵੇਂ PNG ਕਨੈਕਸ਼ਨ
ਫਿਨੋਲਿਕ ਅਤੇ ਫਲੇਵੋਨਾਇਡਜ਼ ਵਿਚ ਵਾਧਾ
ਖੋਜ ਦੌਰਾਨ ਪਾਇਆ ਗਿਆ ਕਿ ਉੱਚੇ ਇਲਾਕਿਆਂ ਵਿਚ ਉੱਗਣ ਵਾਲੇ ਸੇਬਾਂ ਵਿਚ ਫਿਨੋਲਿਕ ਕੰਟੈਂਟ ਅਤੇ ਫਲੇਵੋਨਾਇਡਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਫਿਨੋਲਿਕ ਇਕ ਕਿਸਮ ਦਾ ਆਰਗੈਨਿਕ ਕੰਪਾਊਂਡ ਹੈ, ਜਿਸ ਵਿਚ ਭਰਪੂਰ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਅਤੇ ਇਹ ਸੇਬ ਦੀ ਖੁਸ਼ਬੂ ਨੂੰ ਵੀ ਵਧਾਉਂਦਾ ਹੈ। ਉੱਥੇ ਹੀ, ਫਲੇਵੋਨਾਇਡਜ਼ ਨੂੰ ‘ਵਿਟਾਮਿਨ ਪੀ’ ਵੀ ਕਿਹਾ ਜਾਂਦਾ ਹੈ, ਜੋ ਰੰਗੀਨ ਯੌਗਿਕ ਹੋਣ ਦੇ ਨਾਲ-ਨਾਲ ਐਂਟੀਆਕਸੀਡੈਂਟ ਅਤੇ ਐਂਟੀ-ਕੈਂਸਰ ਗੁਣਾਂ ਨਾਲ ਭਰਪੂਰ ਹੁੰਦੇ ਹਨ।
ਇਹ ਵੀ ਪੜ੍ਹੋ - ਸਾਵਧਾਨ! ਕਿਤੇ ਕੋਈ ਹੋਰ ਤਾਂ ਨਹੀਂ ਚਲਾ ਰਿਹਾ ਤੁਹਾਡਾ WhatsApp? ਇੰਝ ਕਰੋ ਚੈੱਕ
ਐਂਟੀਆਕਸੀਡੈਂਟ ਨਾਲ ਸਰੀਰ ਦੀ ਸੁਰੱਖਿਆ ਮਜ਼ਬੂਤ
ਐਂਟੀਆਕਸੀਡੈਂਟ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਫ੍ਰੀ ਰੈਡੀਕਲਸ ਨੂੰ ਗੈਰ-ਸਰਗਰਮ ਕਰ ਕੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ, ਜਿਸ ਨਾਲ ਸਰੀਰ ਲੰਬੇ ਸਮੇਂ ਤੱਕ ਸਿਹਤਮੰਦ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਵਿਚ ਸੋਜਸ਼-ਰੋਧੀ ਅਤੇ ਕੈਂਸਰ-ਰੋਧੀ ਗੁਣ ਵੀ ਪਾਏ ਜਾਂਦੇ ਹਨ, ਜੋ ਦਿਲ ਨੂੰ ਸਿਹਤਮੰਦ ਰੱਖਣ ਅਤੇ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਵਿਚ ਸਹਾਇਕ ਹੁੰਦੇ ਹਨ। ਇਹੀ ਕਾਰਨ ਹੈ ਕਿ ਉਚਾਈ ਵਾਲੇ ਖੇਤਰਾਂ ਦੇ ਸੇਬ ਵਧੇਰੇ ਫਾਇਦੇਮੰਦ ਮੰਨੇ ਜਾ ਰਹੇ ਹਨ।
ਇਹ ਵੀ ਪੜ੍ਹੋ - ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ
ਉਤਪਾਦਨ ਵਿਚ ਮਜ਼ਬੂਤ, ਖਪਤ ’ਚ ਪਿੱਛੇ ਭਾਰਤ
ਭਾਰਤ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਸੇਬ ਉਤਪਾਦਕ ਦੇਸ਼ ਹੈ ਪਰ ਖਪਤ ਦੇ ਮਾਮਲੇ ਵਿਚ ਅਜੇ ਵੀ ਪਿੱਛੇ ਹੈ। ਦੇਸ਼ ਵਿਚ ਪ੍ਰਤੀ ਵਿਅਕਤੀ ਸਾਲਾਨਾ ਸੇਬ ਦੀ ਖਪਤ ਸਿਰਫ਼ 1.7 ਕਿਲੋਗ੍ਰਾਮ ਹੈ, ਜਦਕਿ ਵਿਸ਼ਵਵਿਆਪੀ ਔਸਤ ਲੱਗਭਗ 10 ਕਿਲੋਗ੍ਰਾਮ ਹੈ। ਭਾਰਤ ਵਿਚ ਕੁੱਲ 28 ਲੱਖ ਮੀਟ੍ਰਿਕ ਟਨ ਸੇਬ ਦਾ ਉਤਪਾਦਨ ਹੁੰਦਾ ਹੈ, ਜਿਸ ਨਾਲ ਕੇਵਲ 75 ਫ਼ੀਸਦੀ ਘਰੇਲੂ ਜ਼ਰੂਰਤ ਪੂਰੀ ਹੋ ਪਾਉਂਦੀ ਹੈ। ਬਾਕੀ 25 ਫ਼ੀਸਦੀ ਸੇਬ ਦਰਾਮਦ ਕੀਤੇ ਜਾਂਦੇ ਹਨ, ਜਦਕਿ ਬਰਾਮਦ ਦਾ ਹਿੱਸਾ ਸਿਰਫ਼ 2 ਫ਼ੀਸਦੀ ਹੈ।
ਭਾਰਤ ਵਿਚ ਉਚਾਈਆਂ ’ਤੇ ਸੇਬ ਦੀ ਖੇਤੀ
ਭਾਰਤ ਵਿਚ ਵੱਖ-ਵੱਖ ਖੇਤਰਾਂ ਵਿਚ ਵੱਖ-ਵੱਖ ਉਚਾਈਆਂ ’ਤੇ ਸੇਬ ਦੀ ਖੇਤੀ ਕੀਤੀ ਜਾਂਦੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ 3500 ਮੀਟਰ ਤੋਂ ਵੱਧ ਉਚਾਈ ’ਤੇ ਸੇਬ ਉਗਾਏ ਜਾਂਦੇ ਹਨ, ਜਦਕਿ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਖੇਤਰ ਵਿਚ ਇਹ ਉਚਾਈ 3400 ਮੀਟਰ ਤੱਕ ਪਹੁੰਚਦੀ ਹੈ। ਸ਼ਿਮਲਾ ਵਿਚ ਸੇਬ 1500 ਤੋਂ 2700 ਮੀਟਰ ਦੇ ਵਿਚਕਾਰ ਉਗਾਏ ਜਾਂਦੇ ਹਨ, ਜਦਕਿ ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿਚ ਇਹ ਖੇਤੀ 1000 ਤੋਂ 2700 ਮੀਟਰ ਤੱਕ ਦੀ ਉਚਾਈ ’ਤੇ ਹੁੰਦੀ ਹੈ। ਖੋਜ ਅਨੁਸਾਰ, ਉਚਾਈ ਵਧਣ ਦੇ ਨਾਲ ਸੇਬ ਦੀ ਗੁਣਵੱਤਾ ’ਚ ਸੁਧਾਰ ਹੁੰਦਾ ਹੈ।
ਇਹ ਵੀ ਪੜ੍ਹੋ - ਸਕੂਲਾਂ 'ਚ Reels ਤੇ ਸ਼ਾਰਟ ਵੀਡੀਓਜ਼ ਬਣਾਉਣ 'ਤੇ ਲੱਗੀ ਪਾਬੰਦੀ! ਸਰਕਾਰ ਵਲੋਂ ਜਾਰੀ ਸਖ਼ਤ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
