ਹਿਮਾਚਲ ਪ੍ਰਦੇਸ਼ : ਸ਼ਿਮਲਾ, ਮਨਾਲੀ ''ਚ ਬਰਫਬਾਰੀ, 100 ਸੜਕਾਂ ਬੰਦ
Tuesday, Jan 07, 2020 - 04:12 PM (IST)

ਸ਼ਿਮਲਾ (ਭਾਸ਼ਾ)— ਸ਼ਿਮਲਾ, ਮਨਾਲੀ ਅਤੇ ਕੁਫਰੀ ਸਮੇਤ ਹਿਮਾਚਲ ਪ੍ਰਦੇਸ਼ ਦੇ ਉੱਚਾਈ 'ਤੇ ਸਥਿਤ ਇਲਾਕਿਆਂ ਵਿਚ ਬਰਫ ਪੈ ਰਹੀ ਹੈ। ਬਰਫਬਾਰੀ ਕਾਰਨ ਇੱਥੇ ਆਏ ਸੈਲਾਨੀਆਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਪਰ ਆਵਾਜਾਈ 'ਚ ਰੁਕਾਵਟ ਵੀ ਪੈਦਾ ਹੋਈ। ਮੌਸਮ ਵਿਭਾਗ ਨੇ ਮੰਗਲਵਾਰ ਭਾਵ ਅੱਜ ਦੱਸਿਆ ਕਿ ਬਰਫ ਡਿੱਗਣ ਕਾਰਨ ਪੂਰੇ ਸੂਬੇ ਵਿਚ ਲੱਗਭਗ 100 ਸੜਕਾਂ ਬੰਦ ਹੋ ਗਈਆਂ ਹਨ। ਸੜਕਾਂ ਦੀ ਸਫਾਈ ਦਾ ਕੰਮ ਜਾਰੀ ਹੈ। ਇਹ ਇਸ ਮੌਸਮ ਦੀ ਤੀਜੀ ਬਰਫਬਾਰੀ ਹੈ ਅਤੇ ਸ਼ਿਮਲਾ 'ਚ ਨਵੇਂ ਸਾਲ ਦੀ ਦੂਜੀ ਬਰਫਬਾਰੀ ਹੈ।
ਅੱਜ ਕੇਯਲਾਂਗ, ਕਾਲਪਾ, ਸ਼ਿਮਲਾ ਅਤੇ ਮਨਾਲੀ ਵਿਚ ਬਰਫਬਾਰੀ ਹੋਈ ਹੈ। ਸੂਬੇ ਦੇ ਕਈ ਹੋਰ ਇਲਾਕਿਆਂ ਵਿਚ ਬਾਰਿਸ਼ ਪਈ ਹੈ। ਸ਼ਿਮਲਾ, ਮਨਾਲੀ, ਡਲਹੌਜੀ, ਕੁਫਰੀ, ਕੇਯਲਾਂਗ ਅਤੇ ਕਾਲਪਾ 'ਚ ਤਾਪਮਾਨ 0 ਤੋਂ ਹੇਠਾਂ ਚੱਲਾ ਗਿਆ। 0 ਤੋਂ ਹੇਠਾਂ 7 ਡਿਗਰੀ ਸੈਲਸੀਅਸ ਤਾਪਮਾਨ ਨਾਲ ਕੇਯਲਾਂਗ ਸੂਬੇ ਦਾ ਸਭ ਤੋਂ ਠੰਡਾ ਸਥਾਨ ਰਿਹਾ। ਦੱਸਣਯੋਗ ਹੈ ਕਿ ਬਰਫਬਾਰੀ ਦੇ ਇਸ ਮੌਸਮ ਵਿਚ ਲੋਕ ਘੁੰਮਣ ਲਈ ਪਹਾੜੀ ਸੂਬਿਆਂ ਦਾ ਰੁਖ਼ ਕਰਦੇ ਹਨ। ਵੱਡੀ ਗਿਣਤੀ ਵਿਚ ਸੈਲਾਨੀ ਹਿਮਾਚਲ ਪ੍ਰਦੇਸ਼ ਪੁੱਜੇ ਹਨ।