ਕਾਲੇ ਜਾਦੂ ਦੇ ਸ਼ੱਕ 'ਚ ਬਜ਼ੁਰਗ ਨੂੰ ਬਲਦੇ ਕੋਲੇ 'ਤੇ ਨੱਚਣ ਲਈ ਕੀਤਾ ਗਿਆ ਮਜ਼ਬੂਰ
Thursday, Mar 07, 2024 - 04:03 PM (IST)
ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਕੁਝ ਲੋਕਾਂ ਨੇ ਕਥਿਤ ਤੌਰ 'ਤੇ ਕਾਲਾ ਜਾਦੂ ਕਰਨ ਦੀ ਸਜ਼ਾ ਵਜੋਂ ਇਕ 75 ਸਾਲਾ ਵਿਅਕਤੀ ਨੂੰ ਬਲਦੇ ਕੋਲੇ 'ਤੇ ਨੱਚਣ ਲਈ ਮਜ਼ਬੂਰ ਕੀਤਾ। ਪੁਲਸ ਨੇ ਇਸ ਘਟਨਾ ਸਬੰਧੀ ਐੱਫ.ਆਈ.ਆਰ. ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੁਰਬਾਦ ਤਾਲੁਕਾ ਦੇ ਕਰਵੇਲੇ ਪਿੰਡ 'ਚ 4 ਮਾਰਚ ਨੂੰ ਵਾਪਰੀ ਘਟਨਾ 'ਚ ਵਿਅਕਤੀ ਝੁਲਸ ਗਿਆ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਕੁਝ ਲੋਕ ਪੀੜਤ ਦਾ ਹੱਥ ਫੜੇ ਦਿਖਾਈ ਦੇ ਰਹੇ ਹਨ ਅਤੇ ਭੀੜ ਚੀਕ ਰਹੀ ਹੈ ਅਤੇ ਉਸ ਨੂੰ ਬਲਦੇ ਕੋਲਿਆਂ 'ਤੇ ਨੱਚਣ ਲਈ ਮਜ਼ਬੂਰ ਕਰ ਰਹੀ ਹੈ। ਮੁਰਬਾਦ ਥਾਣੇ ਦੇ ਇੰਸਪੈਕਟਰ ਪ੍ਰਮੋਦ ਬਾਬਰ ਮੁਤਾਬਕ ਸਥਾਨਕ ਲੋਕਾਂ ਨੇ ਪਿੰਡ ਦੇ ਇਕ ਮੰਦਰ ਨੇੜੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ 15-20 ਵਿਅਕਤੀ ਕਥਿਤ ਤੌਰ 'ਤੇ ਬਜ਼ੁਰਗ ਦੇ ਘਰ 'ਚ ਜ਼ਬਰਦਸਤੀ ਦਾਖ਼ਲ ਹੋਏ, ਉਸ ਨੂੰ ਬਾਹਰ ਖਿੱਚ ਕੇ ਘਟਨਾ ਵਾਲੀ ਥਾਂ 'ਤੇ ਲੈ ਗਏ ਅਤੇ ਬਲਦੇ ਕੋਲੇ 'ਤੇ ਨੱਚਣ ਲਈ ਮਜ਼ਬੂਰ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਨੇ ਉਸ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਇਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ। ਪੁਲਸ ਨੇ ਦੱਸਿਆ ਕਿ ਪੀੜਤ ਦੀਆਂ ਲੱਤਾਂ ਅਤੇ ਉਸ ਦੀ ਪਿੱਠ ਸੜ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਮੰਗਲਵਾਰ ਨੂੰ ਕੁਝ ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ 452 (ਜ਼ਬਰਦਸਤੀ ਘਰ ਵਿੱਚ ਦਾਖਲ ਹੋਣਾ, ਸੱਟਾਂ ਮਾਰਨ, ਹਮਲਾ ਕਰਨਾ ਆਦਿ), 323, 324 (ਜਾਣ ਬੁੱਝ ਕੇ ਸੱਟ ਪਹੁੰਚਾਉਣਾ), 341 (ਗਲਤ ਢੰਗ ਨਾਲ ਰੋਕ ਲਗਾਉਣਾ), 143 (ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਹੋਣਾ) ਅਤੇ 147 (ਦੰਗਾ ਭੜਕਾਉਣਾ) ਸ਼ਾਮਲ ਹਨ ਅਤੇ ਇਸ ਵਿੱਚ ਮਹਾਰਾਸ਼ਟਰ ਮਨੁੱਖੀ ਬਲੀਦਾਨ, ਹੋਰ ਅਣਮਨੁੱਖੀ ਅਤੇ ਅਘੋਰੀ ਅਭਿਆਸ ਅਤੇ ਕਾਲੇ ਜਾਦੂ ਦੀ ਰੋਕਥਾਮ ਅਤੇ ਖਾਤਮਾ ਐਕਟ, 2013 ਦੇ ਉਪਬੰਧ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e