ਕਾਲੇ ਜਾਦੂ ਦੇ ਸ਼ੱਕ ''ਚ ਵਿਅਕਤੀ ਨੇ ਆਪਣੇ ਚਾਚਾ-ਚਾਚੀ ਦਾ ਬੇਰਹਿਮੀ ਨਾਲ ਕੀਤਾ ਕਤਲ

Tuesday, Jan 18, 2022 - 11:59 AM (IST)

ਕਾਲੇ ਜਾਦੂ ਦੇ ਸ਼ੱਕ ''ਚ ਵਿਅਕਤੀ ਨੇ ਆਪਣੇ ਚਾਚਾ-ਚਾਚੀ ਦਾ ਬੇਰਹਿਮੀ ਨਾਲ ਕੀਤਾ ਕਤਲ

ਜਬਲਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ 'ਚ 27 ਸਾਲਾ ਇਕ ਵਿਅਕਤੀ ਨੂੰ ਆਪਣੇ ਹੀ ਚਾਚਾ-ਚਾਚੀ ਦਾ ਕਤਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਨੂੰ ਸ਼ੱਕ ਸੀ ਕਿ ਜੋੜੇ ਨੇ ਉਸ 'ਤੇ ਕਾਲਾ ਜਾਦੂ ਕੀਤਾ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਚੌਰਾਈ ਪਿੰਡ ਕੋਲ ਇਕ ਝੌਂਪੜੀ 'ਚ ਕੁਝ ਦਿਨ ਪਹਿਲਾਂ ਇਕ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਸੜੀ ਹੋਈ ਹਾਲਤ 'ਚ ਪੁਲਸ ਨੂੰ ਮਿਲੀਆਂ ਸਨ। ਐਡੀਸ਼ਨਲ ਪੁਲਸ ਸੁਪਰਡੈਂਟ (ਏ.ਐੱਸ.ਪੀ.) ਸ਼ਿਵੇਂਦਰ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਸ਼ੀ ਦਯਾਰਾਮ ਕੁਲਸਤੇ ਨੂੰ ਸੋਮਵਾਰ ਨੂੰ ਬਰੇਲਾ ਥਾਣਾ ਖੇਤਰ ਦੇ ਹਿਨੋਤੀਆ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਮ੍ਰਿਤਕ ਸੁਮੇਰ ਸਿੰਘ ਕੁਲਸਤੇ (60) ਅਤੇ ਉਸ ਦੀ ਪਤਨੀ ਸੀਆ ਬਾਈ (55) ਦਾ ਭਤੀਜਾ ਹੈ। ਉਨ੍ਹਾਂ ਕਿਹਾ ਕਿ ਘਟਨਾ 9 ਅਤੇ 10 ਜਨਵਰੀ ਦੀ ਮੱਧ ਰਾਤ ਚੌਰਾਈ ਪਿੰਡ ਕੋਲ ਹੋਈ ਸੀ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ’ਚ ਕੁਤਾਹੀ ਦੀ ਜਾਂਚ ਕਰ ਰਹੀ ਜਸਟਿਸ ਇੰਦੂ ਮਲਹੋਤਰਾ ਨੂੰ ਮਿਲੀ ਧਮਕੀ

ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਸ਼ੀ ਨੇ ਸੁਮੇਰ ਸਿੰਘ ਅਤੇ ਉਸ ਦੀ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਬਾਅਦ 'ਚ ਉਨ੍ਹਾਂ ਦੀ ਝੌਂਪੜੀ 'ਚ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਦੋਸ਼ੀ ਨੂੰ ਸ਼ੱਕ ਸੀ ਕਿ ਮ੍ਰਿਤਕ ਜੋੜੇ ਵਲੋਂ ਉਸ 'ਤੇ ਕਾਲਾ ਜਾਦੂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੋਸ਼ੀ ਦੇ ਭਰਾ ਨੇ ਪਹਿਲਾਂ ਖ਼ੁਦਕੁਸ਼ੀ ਕੀਤੀ ਸੀ। ਏ.ਐੱਸ.ਪੀ. ਨੇ ਕਿਹਾ ਕਿ ਦਯਾਰਾਮ ਨੇ ਸੁਮੇਰ ਸਿੰਘ 'ਤੇ ਆਪਣੇ ਪਿਤਾ ਦੀ ਜ਼ਮੀਨ 'ਤੇ ਕਬਜ਼ਾ ਕਰਨ ਦਾ ਵੀ ਦੋਸ਼ ਲਗਾਇਆ, ਇਸ ਲਈ ਵੀ ਦੋਸ਼ੀ ਉਸ ਤੋਂ ਨਾਰਾਜ਼ ਸੀ। ਉਨ੍ਹਾਂ ਕਿਹਾ ਕਿ ਜਾਂਚ ਅਨੁਸਾਰ ਦਯਾਰਾਮ 9 ਜਨਵਰੀ ਦੀ ਰਾਤ ਨੂੰ ਚੌਰਾਈ ਪਿੰਡ 'ਚ ਮੌਜੂਦ ਸੀ ਅਤੇ ਘਟਨਾ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਿਆ। ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News