ਗੁਰੂਗ੍ਰਾਮ : ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਵਿਅਕਤੀ ਨੇ ਨਾਲ ਰਹਿ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੀਤਾ ਕਤਲ

06/04/2022 3:49:23 PM

ਗੁਰੂਗ੍ਰਾਮ (ਭਾਸ਼ਾ)- ਗੁਰੂਗ੍ਰਾਮ 'ਚ ਸ਼ਨੀਵਾਰ ਨੂੰ 22 ਸਾਲਾ ਇਕ ਔਰਤ ਦਾ ਉਸ ਦੇ ਸਹਿ-ਜੀਵਨ ਸਾਥੀ (ਲਿਵ-ਇਨ ਰਿਲੇਸ਼ਨਸ਼ਿਪ) ਪਾਰਟਨਰ ਨੇ ਬੇਵਫ਼ਾਈ ਦੇ ਸ਼ੱਕ ਵਿਚ ਕਥਿਤ ਤੌਰ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਗੁਰੂਗ੍ਰਾਮ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਘਟਨਾ ਸ਼ਨੀਵਾਰ ਸਵੇਰੇ ਰਾਠੀਵਾਸ ਪਿੰਡ 'ਚ ਵਾਪਰੀ। ਦੋਸ਼ੀ ਨੇ ਖੁਦ ਪੁਲਸ ਨੂੰ ਫ਼ੋਨ ਕਰਕੇ ਕਤਲ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਸ ਨੇ ਕਤਲ 'ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਹੁਣ ਮੁਲਜ਼ਮ ਖ਼ਿਲਾਫ਼ ਬਿਲਾਸਪੁਰ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਕੇ ਉਸ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਮਹਿਲਾ ਪਲਵਲ ਜ਼ਿਲ੍ਹੇ ਦੇ ਟਿੱਕਰੀ ਬ੍ਰਾਹਮਣ ਪਿੰਡ ਦੀ ਰਹਿਣ ਵਾਲੀ ਸੀ, ਜਦਕਿ ਮੁਲਜ਼ਮ ਰਾਹੁਲ ਉਰਫ਼ ਸੋਨੂੰ (25) ਰੇਵਾੜੀ ਜ਼ਿਲ੍ਹੇ ਦੇ ਪਿੰਡ ਗੁਰਜਰ ਘਾਟਲ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਔਰਤ ਕਰੀਬ 3 ਸਾਲ ਪਹਿਲਾਂ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਅਤੇ ਉਦੋਂ ਤੋਂ ਉਹ ਸੋਨੂੰ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ।

ਪੁਲਸ ਅਨੁਸਾਰ ਪਹਿਲਾਂ ਦੋਵੇਂ ਰੇਵਾੜੀ ਵਿਚ ਰਹਿ ਰਹੇ ਸਨ ਅਤੇ ਕਰੀਬ ਦੋ ਦਿਨ ਪਹਿਲਾਂ ਹੀ ਉਹ ਪਿੰਡ ਰਾਠੀਵਾਸ 'ਚ ਕਿਰਾਏ ਦੇ ਕਮਰੇ ਵਿਚ ਰਹਿਣ ਲਈ ਆਏ ਸਨ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੋਨੂੰ ਨੇ ਸ਼ਨੀਵਾਰ ਸਵੇਰੇ ਕਰੀਬ 8 ਵਜੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਹੈ। ਉਸ ਨੇ ਚਾਕੂ ਨਾਲ ਔਰਤ ਦੀ ਗਰਦਨ 'ਤੇ ਤਿੰਨ ਵਾਰ ਕੀਤੇ। ਜਦੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਤਾਂ ਔਰਤ ਖੂਨ ਨਾਲ ਲੱਥਪੱਥ ਪਈ ਸੀ ਅਤੇ ਦੋਸ਼ੀ ਸੋਨੂੰ ਉਸ ਦੀ ਲਾਸ਼ ਕੋਲ ਬੈਠਾ ਸੀ। ਸੋਨੂੰ ਰੰਗਾਈ ਦਾ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਤਲ ਕਰਨ ਵਾਲੇ ਦੋਸ਼ੀ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਿਲਾਸਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਅਜੇ ਮਲਿਕ ਨੇ ਦੱਸਿਆ,“ਦੋਸ਼ੀ ਸੋਨੂੰ ਨੂੰ ਔਰਤ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਸ਼ਨੀਵਾਰ ਸਵੇਰੇ ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਬਹਿਸ ਹੋ ਗਈ। ਸੋਨੂੰ ਨੇ ਔਰਤ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਸੀਂ ਦੋਸ਼ੀ ਨੂੰ ਫੜ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੇ ਹਾਂ।"


DIsha

Content Editor

Related News