ਸ਼ਖ਼ਸ ਨੇ Atal Setu ''ਤੇ ਰੋਕੀ ਕਾਰ, ਦੇਖਦੇ ਹੀ ਦੇਖਦੇ ਸਮੁੰਦਰ ''ਚ ਮਾਰ''ਤੀ ਛਾਲ
Monday, Sep 30, 2024 - 06:35 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਸੋਮਵਾਰ ਨੂੰ ਇਕ ਵਿਅਕਤੀ ਨੇ ਆਪਣੀ ਕਾਰ ਅਟਲ ਸੇਤੂ 'ਤੇ ਖੜ੍ਹੀ ਕਰ ਕੇ ਸਮੁੰਦਰ 'ਚ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਵਿਅਕਤੀ ਨੇ ਟਰਾਂਸ-ਹਾਰਬਰ 'ਤੇ ਆਪਣੀ ਕਾਰ ਪਾਰਕ ਕਰਨ ਤੋਂ ਬਾਅਦ ਹੇਠਾਂ ਛਾਲ ਮਾਰ ਦਿੱਤੀ।
ਨਿਊਜ਼ ਏਜੰਸੀ ਮੁਤਾਬਕ ਇਹ ਘਟਨਾ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਪੁਲਸ ਨੇ ਉਸ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਪਰ ਅਜੇ ਤੱਕ ਉਸ ਸ਼ਖ਼ਸ ਦਾ ਕੁਝ ਪਤਾ ਨਹੀਂ ਲੱਗਾ। ਇੱਕ ਅਧਿਕਾਰੀ ਨੇ ਕਿਹਾ, "ਵਿਅਕਤੀ SUV ਨੂੰ ਪੁਲ 'ਤੇ ਲੈ ਗਿਆ, ਇਸ ਨੂੰ ਇੱਕ ਸਾਈਨ ਬੋਰਡ ਦੇ ਕੋਲ ਖੜ੍ਹਾ ਕੀਤਾ ਅਤੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ।"
ਅਧਿਕਾਰੀ ਨੇ ਦੱਸਿਆ, ਗੱਡੀ ਸੁਸ਼ਾਂਤ ਚੱਕਰਵਰਤੀ ਦੇ ਨਾਂ 'ਤੇ ਰਜਿਸਟਰਡ ਹੈ। ਉਨ੍ਹਾਂ ਕਿਹਾ ਕਿ ਰਾਹਗੀਰਾਂ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸੀਵੜੀ ਪੁਲਸ ਅਤੇ ਤੱਟਵਰਤੀ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
22 ਕਿਲੋਮੀਟਰ ਲੰਬਾ ਹੈ ਅਟਲ ਸੇਤੂ
'ਅਟਲ ਸੇਤੂ', ਜਿਸ ਨੂੰ ਮੁੰਬਈ ਟ੍ਰਾਂਸ-ਹਾਰਬਰ ਲਿੰਕ (MTHL) ਵੀ ਕਿਹਾ ਜਾਂਦਾ ਹੈ, ਦੱਖਣੀ ਮੁੰਬਈ ਨੂੰ ਨਵੀਂ ਮੁੰਬਈ ਨਾਲ ਜੋੜਦਾ ਹੈ। ਇਸ ਪੁਲ ਦਾ ਉਦਘਾਟਨ ਇਸ ਸਾਲ ਜਨਵਰੀ ਵਿੱਚ ਕੀਤਾ ਗਿਆ ਸੀ। ਇਹ 6 ਲਾਈਨ ਵਾਲਾ ਪੁਲ 21.8 ਕਿਲੋਮੀਟਰ ਲੰਬਾ ਹੈ ਅਤੇ 16.5 ਕਿਲੋਮੀਟਰ ਸੀ-ਲਿੰਕ (ਸਮੁੰਦਰ ਉੱਤੇ) ਹੈ।
ਡਾਕਟਰ-ਇੰਜੀਨੀਅਰ ਵੀ ਦ ਚੁੱਕੇ ਹਨ ਜਾਨ
ਇਸ ਤੋਂ ਪਹਿਲਾਂ ਵੀ ਅਟਲ ਸੇਤੂ 'ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਿੱਥੇ ਲੋਕ ਸਮੁੰਦਰ 'ਚ ਛਾਲ ਮਾਰ ਕੇ ਆਪਣੀ ਜਾਨ ਦੇ ਚੁੱਕੇ ਹਨ। ਬੀਤੇ ਜੁਲਾਈ 'ਚ ਮੁੰਬਈ 'ਚ ਆਰਥਿਕ ਤੰਗੀ ਤੋਂ ਪਰੇਸ਼ਾਨ 38 ਸਾਲਾ ਇੰਜੀਨੀਅਰ ਸ਼੍ਰੀਨਿਵਾਸ ਨੇ ਅਟਲ ਸੇਤੂ ਤੋਂ ਸਮੁੰਦਰ 'ਚ ਛਾਲ ਮਾਰ ਦਿੱਤੀ ਸੀ। ਉਸ ਸਮੇਂ ਉਸ ਦੀ ਲਾਸ਼ ਵੀ ਨਹੀਂ ਮਿਲੀ ਸੀ।
ਮਾਰਚ ਮਹੀਨੇ ਵਿੱਚ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇੱਕ ਮਹਿਲਾ ਡਾਕਟਰ ਨੇ ਅਟਲ ਸੇਤੂ ਤੋਂ ਛਾਲ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇੱਥੋਂ ਤੱਕ ਕਿ ਵਿਸ਼ਾਲ ਸਮੁੰਦਰ ਵਿੱਚੋਂ ਵੀ ਉਸ ਦੀ ਲਾਸ਼ ਬਰਾਮਦ ਨਹੀਂ ਹੋ ਸਕੀ।