ਜੰਮੂ ਕਸ਼ਮੀਰ ''ਚ 12 ਬੋਰ ਦੀ ਰਾਈਫ਼ਲ ਨਾਲ ਵਿਅਕਤੀ ਗ੍ਰਿਫ਼ਤਾਰ
Sunday, Jan 30, 2022 - 05:20 PM (IST)
ਜੰਮੂ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ 'ਚ ਐਤਵਾਰ ਨੂੰ ਪੁਲਸ ਨੇ 12 ਬੋਰ ਦੀ ਰਾਈਫ਼ਲ ਨਾਲ ਇਕ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਅਧਿਕਾਰੀਆਂ ਨੇ ਕਿਹਾ ਕਿ ਇਕ ਪੁਲਸ ਦਲ ਨੇ ਸ਼ਨੀਵਾਰ ਨੂੰ ਇਕ ਵਿਅਕਤੀ ਨੂੰ ਨੰਜਾਲਾ ਬਲਾਨਾ ਤੋਂ ਰਾਈਫ਼ਲ ਲੈ ਕੇ ਜੰਗਲ ਵੱਲ ਜਾਂਦੇ ਹੋਏ ਦੇਖਿਆ। ਜਿਸ ਨਾਲ ਪੁਲਸ ਦਲ ਨੂੰ ਉਸ ਵਿਅਕਤੀ 'ਤੇ ਸ਼ੱਕ ਹੋਇਆ ਅਤੇ ਫਿਰ ਉਨ੍ਹਾਂ ਨੇ ਉਸ ਦਾ ਪਿੱਛਾ ਕੀਤਾ, ਨਤੀਜੇ ਵਜੋਂ ਉਹ ਵਿਅਕਤੀ ਫੜਿਆ ਗਿਆ।
ਬੁਲਾਰੇ ਨੇ ਕਿਹਾ,''ਗਸ਼ਤੀ ਦਲ ਨੇ ਜਦੋਂ ਉਸ ਵਿਅਕਤੀ ਨੂੰ ਰੋਕਿਆ ਤਾਂ ਉਹ ਦੌੜਨ ਲੱਗਾ, ਹਾਲਾਂਕਿ ਪੁਲਸ ਉਸ ਨੂੰ ਫੜਨ 'ਚ ਕਾਮਯਾਬ ਰਹੀ।'' ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਆਪਣੀ ਪਛਾਣ ਦੀਵਾਨ ਚੰਦ ਵਾਸੀ ਨੰਜਾਲਾ ਸਿਗੜੀ ਦੇ ਰੂਪ 'ਚ ਦੱਸੀ। ਉਨ੍ਹਾਂ ਕਿਹਾ,''ਵਿਅਕਤੀ ਕੋਲ ਮਿਲੇ ਹਥਿਆਰ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ ਪਰ ਉਹ ਦਸਤਾਵੇਜ਼ ਦਿਖਾਉਣ 'ਚ ਅਸਫ਼ਲ ਰਿਹਾ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲਿਆ ਗਿਆ ਅਤੇ ਹਥਿਆਰ ਜ਼ਬਤ ਕਰ ਲਿਆ ਗਿਆ।'' ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।