ਅਜੀਤ ਡੋਭਾਲ ਦੇ ਦਿੱਲੀ ਸਥਿਤ ਘਰ ''ਚ ਕਾਰ ਲੈ ਕੇ ਦਾਖ਼ਲ ਹੋ ਰਿਹਾ ਸੀ ਵਿਅਕਤੀ, ਗ੍ਰਿਫ਼ਤਾਰ

Wednesday, Feb 16, 2022 - 02:26 PM (IST)

ਨਵੀਂ ਦਿੱਲੀ (ਭਾਸ਼ਾ)- ਸੁਰੱਖਿਆ ਏਜੰਸੀਆਂ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਦੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਬੈਂਗਲੁਰੂ ਵਾਸੀ ਇਕ ਵਿਅਕਤੀ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 7.30 ਵਜੇ ਹੋਈ। ਲਾਲ ਰੰਗ ਦੀ ਇਕ ਐੱਸ.ਯੂ.ਵੀ. ਚਲਾ ਰਹੇ ਵਿਅਕਤੀ ਨੇ ਮੱਧ ਦਿੱਲੀ ਸਥਿਤ ਡੋਭਾਲ ਦੇ ਉੱਚ ਸੁਰੱਖਿਆ ਵਾਲੇ ਘਰ ਦੇ ਦੁਆਰ 'ਚ ਜ਼ਬਰਨ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਕਾਰ ਨੂੰ ਪ੍ਰਵੇਸ਼ ਦੁਆਰ ਦੇ ਬਾਹਰ ਰੋਕ ਦਿੱਤਾ ਗਿਆ ਅਤੇ ਵਿਅਕਤੀ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਨੇ ਫੜ ਲਿਆ।

ਐੱਨ.ਐੱਸ.ਏ. ਨੂੰ ਸੀ.ਆਈ.ਐੱਸ.ਐੱਫ. ਕਮਾਂਡੋ ਦੀ ਉੱਚ ਸ਼੍ਰੇਣੀ ਦੀ ਜ਼ੈੱਡ ਪਲੱਸ ਸੁਰੱਖਿਆ ਪ੍ਰਾਪਤ ਹੈ। ਘਟਨਾ ਦੇ ਸਮੇਂ ਡੋਭਾਲ ਆਪਣੇ ਘਰ ਮੌਜੂਦ ਸੀ। ਵਿਅਕਤੀ ਨੂੰ ਬਾਅਦ 'ਚ ਪੁਲਸ ਨੂੰ ਸੌਂਪ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਬੈਂਗਲੁਰੂ ਵਾਸੀ ਸ਼ਾਂਤਨੂੰ ਰੈੱਡ ਦੇ ਰੂਪ 'ਚ ਕੀਤੀ ਗਈ ਹੈ ਅਤੇ ਉਸ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਲੱਗ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਕਾਰ ਨੋਇਡਾ ਤੋਂ ਕਿਰਾਏ 'ਤੇ ਲਈ ਗਈ ਸੀ। ਅਧਿਕਾਰੀ ਨੇ ਕਿਹਾ,''ਇਕ ਵਿਅਕਤੀ ਨੇ ਬੁੱਧਵਾਰ ਨੂੰ ਐੱਨ.ਐੱਸ.ਏ. ਦੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮੀਆਂ ਨੇ ਉਸ ਨੂੰ ਰੋਕਿਆ। ਜਦੋਂ ਉਸ ਤੋਂ ਸਵਾਲ ਪੁੱਛੇ ਗਏ ਤਾਂ ਉਹ ਜਵਾਬ ਦੇਣ ਦੀ ਸਥਿਤੀ 'ਚ ਨਹੀਂ ਸੀ। ਉਹ ਮਾਨਸਿਕ ਤੌਰ 'ਤੇ ਅਸਵਸਥ ਹੈ।''


DIsha

Content Editor

Related News