ਪਹਿਲਵਾਨਾਂ ਦੇ ਹੱਕ ''ਚ ਨਿੱਤਰੀ ਮਮਤਾ ਬੈਨਰਜੀ, ਕਿਹਾ- ਸਾਡੀਆਂ ਧੀਆਂ ਨੂੰ ਅਪਮਾਨਤ ਕਰਨਾ ਸ਼ਰਮਨਾਕ
Thursday, May 04, 2023 - 03:52 PM (IST)
ਕੋਲਕਾਤਾ- ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਦਿੱਲੀ ਪੁਲਸ ਵਿਚਾਲੇ ਹੋਈ ਹੱਥੋਪਾਈ ਨੂੰ ਲੈ ਕੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਧੀਆਂ ਦੀ ਇੱਜ਼ਤ ਨੂੰ ਇਸ ਤਰ੍ਹਾਂ ਢਾਹ ਲਾਉਣਾ ਬੇਹੱਦ ਸ਼ਰਮਨਾਕ ਹੈ। ਦੇਸ਼ ਪਹਿਲਵਾਨਾਂ ਦੇ ਹੰਝੂਆਂ ਨੂੰ ਵੇਖ ਰਿਹਾ ਹੈ ਅਤੇ ਉਹ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕਰੇਗਾ।
ਇਹ ਵੀ ਪੜ੍ਹੋ- ਪਹਿਲਵਾਨਾਂ ਦਾ ਧਰਨਾ ਪ੍ਰਦਰਸ਼ਨ; ਜੰਤਰ-ਮੰਤਰ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਕਰਮੀ ਤਾਇਨਾਤ, ਬੈਰੀਕੇਡਜ਼ ਲਾਏ
ਤ੍ਰਿਣਮੂਲ ਕਾਂਗਰਸ (TMC) ਸੁਪਰੀਮੋ ਨੇ ਟਵੀਟ ਕੀਤਾ ਕਿ ਸਾਡੀਆਂ ਧੀਆਂ ਦੀ ਇੱਜ਼ਤ ਨੂੰ ਇਸ ਤਰ੍ਹਾਂ ਢਾਹ ਲਾਉਣਾ ਬੇਹੱਦ ਸ਼ਰਮਨਾਕ ਹੈ। ਭਾਰਤ ਆਪਣੀਆਂ ਧੀਆਂ ਨਾਲ ਖੜ੍ਹਾ ਹੈ ਅਤੇ ਮੈਂ ਇਕ ਇਨਸਾਨ ਦੇ ਤੌਰ 'ਤੇ ਨਿਸ਼ਚਿਤ ਰੂਪ ਨਾਲ ਆਪਣੇ ਪਹਿਲਵਾਨਾਂ ਨਾਲ ਖੜ੍ਹੀ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਕਿ ਕਾਨੂੰਨ ਸਾਰਿਆਂ ਲਈ ਇਕ ਹੈ। 'ਸ਼ਾਸਕ ਦਾ ਕਾਨੂੰਨ' ਇਨ੍ਹਾਂ ਅੰਦੋਲਨਕਾਰੀਆਂ ਦੀ ਮਰਿਆਦਾ ਨੂੰ ਠੇਸ ਨਹੀਂ ਪਹੁੰਚਾ ਸਕਦਾ। ਤੁਸੀਂ ਉਨ੍ਹਾਂ 'ਤੇ ਹਮਲਾ ਕਰ ਸਕਦੇ ਹੋ ਪਰ ਉਨ੍ਹਾਂ ਦਾ ਹੌਸਲਾ ਨਹੀਂ ਤੋੜ ਸਕਦੇ। ਮਮਤਾ ਨੇ ਅੱਗੇ ਲਿਖਿਆ ਕਿ ਲੜਾਈ ਜਾਇਜ਼ ਹੈ ਅਤੇ ਇਹ ਜਾਰੀ ਰਹੇਗੀ। ਸਾਡੇ ਪਹਿਲਵਾਨਾਂ ਨੂੰ ਠੇਸ ਪਹੁੰਚਾਉਣ ਦੀ ਜੁਅਰਤ ਨਾ ਕਰੋ, ਦੇਸ਼ ਉਨ੍ਹਾਂ ਦੇ ਹੰਝੂਆਂ ਨੂੰ ਵੇਖ ਰਿਹਾ ਹੈ ਅਤੇ ਉਹ ਤੁਹਾਨੂੰ ਮੁਆਫ਼ ਨਹੀਂ ਕਰੇਗਾ। ਮੈਂ ਸਾਡੇ ਪਹਿਲਵਾਨਾਂ ਨੂੰ ਹਿੰਮਤ ਨਾ ਹਾਰਨ ਦੀ ਅਪੀਲ ਕਰਦੀ ਹਾਂ। ਮੇਰੀ ਪੂਰੀ ਤਾਕਤ ਤੁਹਾਡੇ ਨਾਲ ਹੈ।
ਦੱਸ ਦੇਈਏ ਕਿ ਦਿੱਲੀ ਦੇ ਜੰਤਰ-ਮੰਤਰ 'ਤੇ ਬੁੱਧਵਾਰ ਰਾਤ ਪਹਿਲਵਾਨਾਂ ਅਤੇ ਕੁਝ ਪੁਲਸ ਕਰਮੀਆਂ ਵਿਚਾਲੇ ਹੱਥੋਪਾਈ ਹੋ ਗਈ। ਇਸ ਘਟਨਾ ਵਿਚ ਕੁਝ ਪਹਿਲਵਾਨਾਂ ਦੇ ਸਿਰ 'ਚ ਸੱਟ ਲੱਗਣ ਦੀ ਖ਼ਬਰ ਹੈ। ਪਹਿਲਵਾਨਾਂ ਦਾ ਦੋਸ਼ ਹੈ ਕਿ ਪੁਲਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪਹਿਲਵਾਨ ਯੌਨ ਸ਼ੋਸ਼ਣ ਦੇ ਦੋਸ਼ਾਂ ਨਾਲ ਘਿਰੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਜਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ- ਬੇਅੰਤ ਸਿੰਘ ਕਤਲ ਮਾਮਲਾ: ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਲੈ ਕੇ SC ਦਾ ਵੱਡਾ ਫ਼ੈਸਲਾ