ਇੰਡੀਆ ਬਲਾਕ ’ਚ ਨਵਾਂ ਵਿਵਾਦ, 1 ਜੂਨ ਦੀ ਬੈਠਕ ਤੋਂ ਮਮਤਾ ਦੀ ਦੂਰੀ ’ਤੇ ਉੱਠਣ ਲੱਗੇ ਸਵਾਲ

05/29/2024 8:31:40 PM

ਨੈਸ਼ਨਲ ਡੈਸਕ- ਚੋਣ ਨਤੀਜਿਆਂ ਤੋਂ ਪਹਿਲਾਂ 1 ਜੂਨ ਨੂੰ ਹੋਣ ਵਾਲੀ ਇੰਡੀਆ ਬਲਾਕ ਦੀ ਬੈਠਕ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਮੁਖੀ ਮਮਤਾ ਬੈਨਰਜੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਬੈਠਕ ’ਚ ਇਹ ਕਹਿ ਕੇ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਹੈ ਕਿ ਸੂਬੇ ’ਚ ਆਏ ਤੂਫਾਨ ਦੇ ਕਾਰਨ ਉਹ ਰੁੱਝੀ ਰਹੇਗੀ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਉਨ੍ਹਾਂ ਦੇ ਇਸ ਐਕਸ਼ਨ ਨਾਲ ਇੰਡੀਆ ਦੇ ਭਾਈਵਾਲਾਂ ’ਚ ਹਲਚਲ ਤੇਜ਼ ਹੋਈ ਹੈ, ਇਸ ਤੋਂ ਪਹਿਲਾਂ ਵੀ 2 ਵਾਰ ਅਜਿਹਾ ਹੋ ਚੁੱਕਾ ਹੈ, ਜਦ ਉਨ੍ਹਾਂ ਦੇ ਬਿਆਨਾਂ ਨਾਲ ਗੱਠਜੋੜ ਦੇ ਸਿਆਸੀ ਦਲਾਂ ਦੀਆਂ ਧੜਕਨਾਂ ਤੇਜ਼ ਹੋਈਆਂ ਹਨ।

ਕੀ ਗੱਠਜੋੜ ਵਿਰੁੱਧ ਚੁੱਕੇਗੀ ਕਦਮ

ਇਸ ਲਈ ਚੋਣ ਨਤੀਜਿਆਂ ਤੋਂ ਪਹਿਲਾਂ ਇੰਡੀਆ ਬਲਾਕ ਦੀ ਸੰਭਾਵੀ ਸਰਕਾਰ ’ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜੇ ਇੰਡੀਆ ਬਲਾਕ ਦੀ ਸਰਕਾਰ ਬਣਨ ਦੀ ਸੰਭਾਵਨਾ ਬਣਦੀ ਹੈ ਤਾਂ ਮਮਤਾ ਬੈਨਰਜੀ ਆਪਣੀਆਂ ਸ਼ਰਤਾਂ ਅਨੁਸਾਰ ਹੀ ਗੱਠਜੋੜ ਦਾ ਸਾਥ ਦੇਵੇਗੀ ਨਹੀਂ ਤਾਂ ਉਹ ਇਸ ਦੇ ਵਿਰੁੱਧ ਵੀ ਕੋਈ ਕਦਮ ਸੌਖੇ ਹੀ ਚੁੱਕ ਸਕਦੀ ਹੈ।

ਦੇਸ਼ ’ਚ ਆਖਰੀ ਪੜਾਅ ਦੀਆਂ ਚੋਣਾਂ ਦੇ ਖਤਮ ਹੋਣ ਵਾਲੇ ਦਿਨ ਹੀ ਇਸ ਬੈਠਕ ਨੂੰ ਸੱਦੇ ਜਾਣ ਦੇ ਪਿੱਛੇ ਦਾ ਕਾਰਨ ਅਰਵਿੰਦ ਕੇਜਰੀਵਾਲ ਦੀ ਅੰਤ੍ਰਿਮ ਜ਼ਮਾਨਤ 1 ਜੂਨ ਨੂੰ ਖਤਮ ਹੋਣਾ ਵੀ ਦੱਸਿਆ ਜਾ ਰਿਹਾ। ਅਸਲ ’ਚ ਉਨ੍ਹਾਂ ਨੂੰ 2 ਜੂਨ ਨੂੰ ਸਰੰਡਰ ਕਰਨਾ ਪਵੇਗਾ। ਇਕ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮਲਿਕਾਰਜੁਨ ਖੜਗੇ ਨੇ ਗੱਠਜੋੜ ਦੀ ਇਹ ਬੈਠਕ ਲੋਕ ਸਭਾ ਦੇ ਸਾਰੇ ਪੜਾਵਾਂ ਦੀਆਂ ਚੋਣਾਂ ਦੌਰਾਨ ਗੱਠਜੋੜ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਅਤੇ ਭਵਿੱਖ ਲਈ ਰਣਨੀਤੀ ਤਿਆਰ ਕਰਨ ਲਈ ਸੱਦੀ ਹੈ। ਸਿਆਸੀ ਮਾਹਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਇੰਡੀਆ ਬਲਾਕ ਦੀ ਬੈਠਕ ਤੋਂ ਦੂਰ ਰਹਿਣ ਦੀ ਮਮਤਾ ਬੈਨਰਜੀ ਵਲੋਂ ਦੱਸੀ ਗਈ ਵਜ੍ਹਾ ਵਾਜਿਬ ਲੱਗਦੀ ਹੈ ਪਰ ਸਵਾਲ ਇਹ ਹੈ ਕਿ ਕੀ ਬੈਠਕ ਸੱਦਣ ਤੋਂ ਪਹਿਲਾਂ ਮਲਿਕਾਰਜੁਨ ਖੜਗੇ ਨੇ ਮਮਤਾ ਬੈਨਰਜੀ ਦੀ ਸਹਿਮਤੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ? ਜੇ ਕਾਂਗਰਸ ਵਲੋਂ ਅਜਿਹੀ ਕੋਈ ਕੋਸ਼ਿਸ਼ ਨਹੀਂ ਹੋਈ ਤਾਂ ਇਹੀ ਮੰਨਿਆ ਜਾਵੇਗਾ ਕਿ ਮਤਾ ਬੈਨਰਜੀ ਦੇ ਇੰਡੀਆ ਬਲਾਕ ਦੀ ਬੈਠਕ ਤੋਂ ਦੂਰੀ ਬਣਾਉਣ ਦੀ ਵਜ੍ਹਾ ਕੋਈ ਹੋਰ ਨਹੀਂ ਸਗੋਂ ਖੁਦ ਕਾਂਗਰਸ ਲੀਡਰਸ਼ਿਪ ਹੀ ਹੈ।

ਪੱਛਮੀ ਬੰਗਾਲ ਦੀਆਂ ਸਾਰੀਆਂ ਸੀਟਾਂ ’ਤੇ ਟੀ. ਐੱਮ. ਸੀ. ਇਕੱਲੇ ਚੋਣ ਲੜ ਰਹੀ ਹੈ। ਚੋਣਾਂ ’ਚ ਭਾਜਪਾ ਵਾਂਗ ਹੀ ਲੈਫਟ ਅਤੇ ਕਾਂਗਰਸ ਵੀ ਉਸ ਦੇ ਨਿਸ਼ਾਨੇ ’ਤੇ ਹੀ ਹਨ। ਇਕ ਖਾਸ ਗੱਲ ਇਥੇ ਇਹ ਵੀ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਹੀ ਮਮਤਾ ਬੈਨਰਜੀ ਨੇ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਇੰਡੀਆ ਗੱਠਜੋੜ ਨਾਲ ਕੋਈ ਮਤਲਬ ਨਹੀਂ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇੰਡੀਆ ਬਲਾਕ ਦੀ ਬੈਠਕ ’ਚ ਸ਼ਾਮਲ ਨਹੀਂ ਹੋ ਸਕਦੀ ਕਿਉਂਕਿ ਸਾਡੇ ਇਥੇ ਹੁਣ ਵੀ ਹੋਰ ਸੂਬਿਆਂ ਵਾਂਗ ਚੋਣਾਂ ਹੋਣਗੀਆਂ। ਮੈਂ ਇਕ ਪਾਸੇ ਚਕਰਵਾਤ ਅਤੇ ਰਿਲੀਫ ਸੈਂਟਰ ਅਤੇ ਦੂਜੇ ਪਾਸੇ ਹੋ ਰਹੀਆਂ ਚੋਣਾਂ ਨਾਲ ਨਜਿੱਠ ਰਹੀ ਹਾਂ। ਹਾਲ ਹੀ ’ਚ ਅਚਾਨਕ ਮਮਤਾ ਬੈਨਰਜੀ ਨੇ ਐਲਾਨ ਕਰ ਦਿੱਤਾ ਸੀ ਕਿ ਇੰਡੀਆ ਗੱਠਜੋੜ ਦੇ ਸਰਕਾਰ ਬਣਾਉਣ ਦੀ ਸੂਰਤ ’ਚ ਉਨ੍ਹਾਂ ਦੀ ਪਾਰਟੀ ਬਾਹਰ ਤੋਂ ਸਮਰਥਨ ਦੇਵੇਗੀ ਪਰ ਉਨ੍ਹਾਂ ਨੇ ਆਪਣੇ ਬਿਆਨ ’ਚ ਸੁਧਾਰ ਕਰਦੇ ਹੋਏ ਨਵਾਂ ਬਿਆਨ ਦਿੱਤਾ ਸੀ ਕਿ ਉਹ ਰਾਸ਼ਟਰੀ ਪੱਧਰ ’ਤੇ ਇੰਡੀਆ ਗੱਠਜੋੜ ਦਾ ਹੀ ਹਿੱਸਾ ਹੈ।

ਵਿਰੋਧੀ ਪਾਰਟੀਆਂ ਵਲੋਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਸੱਦੀ ਗਈ ਰੈਲੀ ’ਚ ਟੀ. ਐੱਮ. ਸੀ. ਨੇਤਾ ਡੇਰੇਕ ਓਬ੍ਰਾਇਨ ਨੇ ਵੀ ਇਹੀ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਇੰਡੀਆ ਗੱਠਜੋੜ ਦਾ ਹੀ ਹਿੱਸਾ ਹੈ। ਬੈਠਕ ’ਚ ਭਾਵੇਂ ਹੀ ਮਮਤਾ ਬੈਨਰਜੀ ਸ਼ਾਮਲ ਨਾ ਹੋ ਰਹੀ ਹੋਵੇ ਪਰ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਹੈ, ਜਿਸ ਨਾਲ ਲੱਗੇ ਕਿ ਉਹ ਇੰਡੀਆ ਗੱਠਜੋੜ ਨਾਲੋਂ ਨਾਤਾ ਤੋੜ ਰਹੀ ਹੈ। ਕਿਉਂਕਿ ਇੰਡੀਆ ਗੱਠਜੋੜ ਦੀ ਸੰਭਾਵੀ ਸਰਕਾਰ ਬਣਨ ਤੋਂ ਪਹਿਲਾਂ ਤੋਂ ਹੀ ਉਨ੍ਹਾਂ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਜੇ ਵਿਰੋਧੀ ਦਲਾਂ ਦੀ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਸੋਧਿਆ ਨਾਗਰਿਕਤਾ ਕਾਨੂੰਨ (ਸੀ. ਏ. ਏ.), ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ (ਐੱਨ. ਆਰ. ਸੀ.) ਅਤੇ ਇਕਸਾਰ ਨਾਗਰਿਕ ਜ਼ਾਬਤਾ (ਯੂ. ਸੀ. ਸੀ.) ਕਾਨੂੰਨਾਂ ਨੂੰ ਰੱਦ ਕਰਨਾ ਪਵੇਗਾ।


Rakesh

Content Editor

Related News