NRC ਬੰਗਾਲ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ''ਚ ਨਹੀਂ ਹੋਵੇਗੀ : ਮਮਤਾ

09/23/2019 4:01:16 PM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਦੋਸ਼ ਲਗਾਇਆ ਹੈ ਕਿ ਐੱਨ.ਆਰ.ਸੀ. ਨੂੰ ਲੈ ਕੇ ਉਸ ਨੇ ਡਰ ਦਾ ਮਾਹੌਲ ਬਣਾਇਆ ਹੈ। ਸੋਮਵਾਰ ਨੂੰ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਇਸ ਕਾਰਨ ਰਾਜ 'ਚ 6 ਲੋਕਾਂ ਦੀ ਮੌਤ ਹੋ ਗਈ। ਤ੍ਰਿਣਮੂਲ ਸੁਪਰੀਮੋ ਨੇ ਇੱਥੇ ਵਪਾਰ ਸੰਘਾਂ ਦੀ ਬੈਠਕ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਰਾਜ 'ਚ ਐੱਨ.ਆਰ.ਸੀ. ਲਾਗੂ ਨਹੀਂ ਹੋਣ ਦੇਵੇਗੀ। ਮਮਤਾ ਨੇ ਕਿਹਾ,''ਐੱਨ.ਆਰ.ਸੀ. ਬੰਗਾਲ ਜਾਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਨਹੀਂ ਹੋਵੇਗੀ। ਆਸਾਮ 'ਚ ਇਹ ਆਸਾਮ ਸਮਝੌਤੇ ਕਾਰਨ ਹੋਇਆ।'' ਆਸਾਮ ਸਮਝੌਤਾ 1985 'ਚ ਸਾਬਕਾ ਰਾਜੀਵ ਗਾਂਧੀ ਸਰਕਾਰ ਅਤੇ ਆਲ ਆਸਾਮ ਸਟੂਡੈਂਟ ਯੂਨੀਅਨ ਦਰਮਿਆਨ ਹੋਇਆ ਸੀ। ਮਮਤਾ ਨੇ ਕਿਹਾ,''ਬੰਗਾਲ 'ਚ ਐੱਨ.ਆਰ.ਸੀ. ਨੂੰ ਲੈ ਕੇ ਡਰ ਪੈਦਾ ਕਰਨ ਵਾਲੀ ਭਾਜਪਾ 'ਤੇ ਲਾਹਨਤ ਹੈ। ਇਸ ਕਾਰਨ ਪੱਛਮੀ ਬੰਗਾਲ 'ਚ 6 ਲੋਕਾਂ ਦੀ ਜਾਨ ਚੱਲੀ ਗਈ। ਮੇਰੇ 'ਤੇ ਭਰੋਸਾ ਰੱਖੋ। ਪੱਛਮੀ ਬੰਗਾਲ 'ਚ ਐੱਨ.ਆਰ.ਸੀ. ਨੂੰ ਕਦੇ ਮਨਜ਼ੂਰੀ ਨਹੀਂ ਮਿਲੇਗੀ।''

ਆਸਾਮ 'ਚ ਹਾਲ ਹੀ 'ਚ ਪ੍ਰਕਾਸ਼ਿਤ ਅੰਤਿਮ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) 'ਚ 19 ਲੱਖ ਤੋਂ ਵਧ ਲੋਕਾਂ ਦੇ ਨਾਂ ਨਹੀਂ ਹਨ। ਭਾਜਪਾ 'ਤੇ ਦੇਸ਼ 'ਚ ਲੋਕਤੰਤਰੀ ਮੁੱਲਾਂ ਨੂੰ ਘੱਟ ਕਰਨ ਦਾ ਦੋਸ਼ ਲਗਾਉਂਦੇ ਹੋਏ ਮਮਤਾ ਨੇ ਕਿਹਾ,''ਪੱਛਮੀ ਬੰਗਾਲ 'ਚ ਲੋਕਤੰਤਰ ਹੈ ਪਰ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਇਹ ਖਤਰੇ 'ਚ ਹਨ।'' ਉਨ੍ਹਾਂ ਨੇ ਕਿਹਾ ਕਿ ਭਾਜਪਾ ਰੋਜ਼ਗਾਰ ਘੱਟ ਕਰਨ ਜਾਂ ਭਾਰਤ ਦੀ ਅਰਥ ਵਿਵਸਥਾ ਹੇਠਾਂ ਜਾਣ ਦੀ ਕੋਈ ਗੱਲ ਨਹੀਂ ਕਰ ਰਹੀ, ਉਹ ਤਾਂ ਸਿਰਫ਼ ਆਪਣੇ ਸਿਆਸੀ ਹਿੱਤਾਂ ਨੂੰ ਸਾਧਨਾ ਚਾਹੁੰਦੀ ਹੈ। ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਕਿਹਾ,''ਦੇਸ਼ ਭਰ 'ਚ ਜਨਤਕ ਖੇਤਰ ਦੇ ਯੰਤਰਾਂ ਦੇ ਨਿੱਜੀਕਰਨ ਜਾਂ ਉਨ੍ਹਾਂ ਨੂੰ ਬੰਦ ਕੀਤੇ ਜਾਣ ਵਿਰੁੱਧ 18 ਅਕਤੂਬਰ ਨੂੰ ਰੈਲੀ ਕੱਢੀ ਜਾਵੇਗੀ। ਮੈਂ ਇਸ 'ਚ ਹਿੱਸਾ ਲਵਾਂਗੀ।''

ਯਾਦਵਪੁਰ ਯੂਨੀਵਰਸਿਟੀ 'ਚ 19 ਸਤੰਬਰ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਮਮਤਾ ਨੇ ਕਿਹਾ ਕਿ ਬੰਗਾਲ ਦੀ ਜਨਤਾ ਨੇ ਦੇਖਿਆ ਹੈ ਕਿ ਉਨ੍ਹਾਂ ਨੇ (ਏ.ਬੀ.ਵੀ.ਪੀ., ਭਾਜਪਾ ਨੇ) ਯੂਨੀਵਰਸਿਟੀ 'ਚ ਕੀ ਕੀਤਾ, ਉਹ ਹਰ ਜਗ੍ਹਾ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਮੀਡੀਆ ਨੂੰ ਆੜੇ ਹੱਥੀਂ ਲੈਂਦੇ ਹੋਏ ਉਸ 'ਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਅੱਗੇ ਝੁੱਕਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ,''ਮੀਡੀਆ ਆਪਣੀ ਭੂਮਿਕਾ ਨਹੀਂ ਨਿਭਾ ਰਿਹਾ। ਕੁਝ ਮੀਡੀਆ ਸੰਸਥਾਵਾਂ ਨੂੰ ਛੱਡ ਕੇ ਜ਼ਿਆਦਾਤਰ ਤਾਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਅੱਗੇ ਝੁੱਕ ਗਏ ਹਨ।''


DIsha

Content Editor

Related News