ਕੋਰੋਨਾ ਦੀ ਦੂਜੀ ਲਹਿਰ ਨੂੰ ਸੰਭਾਲਣ ’ਚ ਨਾਕਾਮ ਰਹਿਣ ਕਾਰਨ ਮੋਦੀ ਦੇਣ ਅਸਤੀਫ਼ਾ : ਮਮਤਾ

4/19/2021 10:27:17 AM

ਬੈਰਕਪੁਰ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ-19 ਦੀ ਦੂਜੀ ਲਹਿਰ ਨੂੰ ਸੰਭਾਲ ਸਕਣ ’ਚ ਨਾਕਾਮ ਰਹਿਣ ਕਾਰਨ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਐਤਵਾਰ ਦੋਸ਼ ਲਾਇਆ ਕਿ ਮੋਦੀ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਯੋਜਨਾ ਬਣਾਉਣ ’ਚ ਨਾਕਾਮ ਰਹੇ ਹਨ। ਪ੍ਰਧਾਨ ਮੰਤਰੀ ਨੇ ਪਿਛਲੇ 5-6 ਮਹੀਨਿਆਂ ’ਚ ਮੈਡੀਕਲ ਆਕਸੀਜਨ ਅਤੇ ਟੀਕਿਆਂ ਦੀ ਸਪਲਾਈ ਦੇ ਸੰਭਾਵਤ ਸੰਕਟ ’ਤੇ ਧਿਆਨ ਦੇਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਦੇਸ਼ ’ਚ ਟੀਕਿਆਂ ਦੀ ਕਮੀ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਕੌਮਾਂਤਰੀ ਪੱਧਰ ’ਤੇ ਆਪਣਾ ਅਕਸ ਚਮਕਾਉਣ ਲਈ ਦੂਜੇ ਦੇਸ਼ਾਂ ਨੂੰ ਟੀਕਿਆਂ ਦੀ ਬਰਾਮਦ ਕੀਤੀ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਮਨਮੋਹਨ ਸਿੰਘ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਵੈਕਸੀਨ ’ਚ ਤੇਜ਼ੀ ਸਮੇਤ ਦਿੱਤੇ ਇਹ ਸੁਝਾਅ

ਪਿਛਲੇ 5-6 ਮਹੀਨਿਆਂ ਤੋਂ ਮੈਡੀਕਲ ਆਕਸੀਜਨ ਅਤੇ ਟੀਕਿਆਂ ਦੀ ਸਪਲਾਈ ਲਈ ਕੁਝ ਨਹੀਂ ਕੀਤਾ ਗਿਆ
ਮਮਤਾ ਨੇ ਕਿਹਾ ਕਿ ਗੁਜਰਾਤ ਦੇ ਹਾਲਾਤ ਵੇਖੋ। ਭਾਜਪਾ ਗੁਜਰਾਤ ਵਿਚ ਵੀ ਕੋਵਿਡ-19 ਦੇ ਹਾਲਾਤ ਨੂੰ ਸੰਭਾਲ ਨਹੀਂ ਸਕੀ। ਪੱਛਮੀ ਬੰਗਾਲ ਸਰਕਾਰ ਨੇ ਸੂਬੇ ਦੇ ਸਭ ਨਾਗਰਿਕਾਂ ਨੇ ਮੁਫ਼ਤ ਵਿਚ ਟੀਕਾ ਲਾਉਣ ਲਈ ਪ੍ਰਧਾਨ ਮੰਤਰੀ ਕੋਲੋਂ 5.4 ਕਰੋੜ ਖੁਰਾਕਾਂ ਦੀ ਸਪਲਾਈ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਵਲੋਂ ਸਾਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਅਸੀਂ ਕਿਹਾ ਸੀ ਕਿ ਪੱਛਮੀ ਬੰਗਾਲ ਕੋਵਿਡ-19 ਦੇ ਟੀਕਿਆਂ ਦੀ ਪੂਰੀ ਲਾਗਤ ਸਹਿਣ ਕਰੇਗਾ। ਮਮਤਾ ਨੇ ਕਿਹਾ ਕਿ ਮੈਂ ਇਸ ਮੁੱਦੇ ’ਤੇ ਅੱਜ ਪ੍ਰਧਾਨ ਮੰਤਰੀ ਨੂੰ ਤਿੱਖੇ ਸ਼ਬਦਾਂ ’ਚ ਚਿੱਠੀ ਲਿਖਾਂਗੀ। ਪੂਰੇ ਦੇਸ਼ ਵਿਚ ਆਕਸੀਜਨ ਅਤੇ ਐਂਟੀ ਵਾਇਰਸ ਦਵਾਈ ਰੇਮਡੇਸਿਵਿਰ ਦੀ ਕਮੀ ਹੈ। ਇਸ ਲਈ ਕੌਣ ਜ਼ਿੰਮੇਵਾਰ ਹੈ? ਜੇ ਉਨ੍ਹਾਂ ਨੇ ਪ੍ਰਵਾਨਗੀ ਦਿੱਤੀ ਹੁੰਦੀ ਤਾਂ ਅਸੀਂ ਆਪਣੇ ਸੂਬੇ ਦੇ ਹਰ ਨਾਗਰਿਕ ਨੂੰ ਟੀਕਾ ਲਾ ਚੁੱਕੇ ਹੁੰਦੇ।

ਇਹ ਵੀ ਪੜ੍ਹੋ : ਮਾਸਕ ਅਤੇ ਟੀਕਾਕਰਨ ਪ੍ਰਤੀ ਜਾਗਰੂਕਤਾ ਬੇਹੱਦ ਜ਼ਰੂਰੀ: ਪੀ. ਐੱਮ. ਮੋਦੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor DIsha