ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਚੋਣ ਹਾਰਨ ਮਗਰੋਂ ਭਾਜਪਾ 'ਤੇ ਲਾਏ ਵੱਡੇ ਇਲਜ਼ਾਮ

Tuesday, May 04, 2021 - 03:13 PM (IST)

ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਚੋਣ ਹਾਰਨ ਮਗਰੋਂ ਭਾਜਪਾ 'ਤੇ ਲਾਏ ਵੱਡੇ ਇਲਜ਼ਾਮ

ਕੋਲਕਾਤਾ- ਪੱਛਮੀ ਬੰਗਾਲ ਦੇ ਨੰਦੀਗ੍ਰਾਮ ਤੋਂ ਚੋਣ ਹਾਰਨ ਮਗਰੋਂ ਮਮਤਾ ਬੈਨਰਜੀ ਨੇ ਭਾਜਪਾ 'ਤੇ ਵੱਡੇ ਇਲਜ਼ਾਮ ਲਾਏ ਹਨ। ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਨੂੰ ਆਪਣੀ ਜਾਨ ਦਾ ਖ਼ਤਰਾ ਹੋਣ ਕਰਕੇ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਨਹੀਂ ਦਿੱਤੇ। ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਹਾਰ ਪਿੱਛੇ ਬਹੁਤ ਸਾਰੇ ਰਾਜ਼ ਲੁਕੇ ਹੋਏ ਹਨ। ਉਨ੍ਹਾਂ ਨੂੰ ਹਰਾਉਣ ਲਈ ਵੱਡੇ ਪੱਧਰ 'ਤੇ ਧੋਖਾਧੜੀ ਕੀਤੀ ਗਈ ਹੈ।

ਨੰਦੀਗ੍ਰਾਮ ਦਾ ਰਿਟਰਨਿੰਗ ਅਧਿਕਾਰੀ ਗਿਣਤੀ ਦੇ ਸਮੇਂ ਡਰ ਗਿਆ ਸੀ
ਮਮਤਾ ਨੇ ਕਿਹਾ ਕਿ ਕਿਸੇ ਨੇ ਮੈਨੂੰ ਮੈਸੇਜ ਭੇਜਿਆ ਸੀ। ਮੈਸੇਜ ਭੇਜਣ ਵਾਲੇ ਨੂੰ ਦੱਸਿਆ ਗਿਆ ਹੈ ਕਿ ਨੰਦੀਗ੍ਰਾਮ ਦਾ ਰਿਟਰਨਿੰਗ ਅਧਿਕਾਰੀ ਗਿਣਤੀ ਦੇ ਸਮੇਂ ਡਰ ਗਿਆ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਜੇ ਅਸੀਂ ਦੁਬਾਰਾ ਕਾਉਂਟਿੰਗ ਕਰਵਾਉਂਦੇ ਹਾਂ, ਤਾਂ ਸਾਨੂੰ ਜਾਨ ਦਾ ਖ਼ਤਰਾ ਹੋ ਸਕਦੇ ਹੈ। ਨੰਦੀਗਰਾਮ 'ਚ ਵੋਟਾਂ ਦੀ ਗਿਣਤੀ ‘ਤੇ ਸ਼ੱਕ ਜ਼ਾਹਰ ਕਰਦਿਆਂ ਮਮਤਾ ਨੇ ਕਿਹਾ ਕਿ ਇੱਥੇ 4 ਘੰਟੇ ਸਰਵਰ ਡਾਊਨ ਰਿਹਾ। ਇਸ ਦੌਰਾਨ ਰਾਜਪਾਲ ਨੇ ਵੀ ਸਾਨੂੰ ਜਿੱਤ ਦੀ ਵਧਾਈ ਦਿੱਤੀ ਸੀ ਪਰ ਅਚਾਨਕ ਸਭ ਕੁਝ ਬਦਲ ਗਿਆ।

ਇਹ ਵੀ ਪੜ੍ਹੋ : ਨੰਦੀਗ੍ਰਾਮ 'ਚ ਸ਼ੁਭੇਂਦੁ ਤੋਂ ਹਾਰੀ ਮਮਤਾ, ਤ੍ਰਿਣਮੂਲ ਨੇ ਮੁੜ ਵੋਟਾਂ ਦੀ ਗਿਣਤੀ ਦੀ ਕੀਤੀ ਮੰਗ

ਨੰਦੀਗ੍ਰਾਮ ਦੇ ਚੋਣ ਨਤੀਜੇ ਖ਼ਿਲਾਫ਼ ਅਦਾਲਤ ਦਾ ਰੁਖ ਕਰੇਗੀ ਮਮਤਾ
ਉਨ੍ਹਾਂ ਦੋਹਰਾਇਆ ਹੈ ਕਿ ਉਹ ਨੰਦੀਗ੍ਰਾਮ ਦੇ ਚੋਣ ਨਤੀਜੇ ਖ਼ਿਲਾਫ਼ ਅਦਾਲਤ ਦਾ ਰੁਖ ਕਰੇਗੀ ਜਿੱਥੋਂ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਨੂੰ ਹਰਾਇਆ ਹੈ। ਉਨ੍ਹਾਂ ਨੰਦੀਗ੍ਰਾਮ ਦੇ ਰਿਟਰਨਿੰਗ ਅਫ਼ਸਰ ਵੱਲੋਂ ਇਕ ਚੋਣ ਅਧਿਕਾਰੀ ਨੂੰ ਭੇਜਿਆ ਐੱਸ.ਐੱਮ.ਐੱਸ. ਜਨਤਕ ਕੀਤਾ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰੀ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਜੇਕਰ ਉਸ ਨੇ ਦੁਬਾਰਾ ਗਿਣਤੀ ਦੇ ਹੁਕਮ ਦਿੱਤੇ ਤਾਂ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ਤੇ ਉਸ ਨੂੰ ਖੁਦਕੁਸ਼ੀ ਤੱਕ ਕਰਨੀ ਪੈ ਸਕਦੀ ਹੈ। 

ਇਹ ਵੀ ਪੜ੍ਹੋ : ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ

ਚਾਰ ਘੰਟਿਆਂ ਤੱਕ ਰਿਹਾ ਸਰਵਰ ਡਾਊਨ
ਮਮਤਾ ਨੇ ਕਿਹਾ,‘‘ਸਰਵਰ ਚਾਰ ਘੰਟਿਆਂ ਤੱਕ ਡਾਊਨ ਕਿਉਂ ਰਿਹਾ? ਅਸੀਂ ਲੋਕਾਂ ਦੇ ਫ਼ਤਵੇ ਨੂੰ ਸਵੀਕਾਰ ਕਰਦੇ ਹਾਂ ਪਰ ਇਕ ਹਲਕੇ ਦੇ ਨਤੀਜੇ ’ਚ ਖਾਮੀਆਂ ਹਨ। ਜੋ ਦਿਖਾਈ ਦੇ ਰਿਹਾ ਹੈ, ਉਸ ਤੋਂ ਅਗਾਂਹ ਦੀ ਗੱਲ ਹੋ ਸਕਦੀ ਹੈ। ਸਾਨੂੰ ਸੱਚਾਈ ਪਤਾ ਲਗਾਉਣੀ ਪਵੇਗੀ।’’ਮਮਤਾ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਸ਼ਾਂਤੀ ਬਣਾਈ ਰੱਖਣ ਤੇ ਹਿੰਸਾ ਦੀ ਸਥਿਤੀ ਪੈਦਾ ਨਾ ਹੋਣ ਦੇਣ। ਮੈਂ ਜਾਣਦੀ ਹਾਂ ਕਿ ਭਾਜਪਾ ਅਤੇ ਕੇਂਦਰੀ ਫ਼ੋਰਸਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੈ ਪਰ ਸਾਨੂੰ ਸ਼ਾਂਤੀ ਬਣਾਈ ਰੱਖਣੀ ਹੈ। ਹੁਣ ਸਾਨੂੰ ਆਪਣਾ ਸਾਰਾ ਧਿਆਨ ਕੋਰੋਨਾ ਲਾਗ਼ ਨਾਲ ਲੜਨ 'ਤੇ ਕੇਂਦਰਿਤ ਕਰਨਾ ਹੈ। 

ਇਹ ਵੀ ਪੜ੍ਹੋ : ਦੇਸ਼ ਨੂੰ ਕੋਰੋਨਾ ਆਫ਼ਤ 'ਚ ਅਮਰੀਕਾ ਦਾ ਸਹਾਰਾ, ਮੈਡੀਕਲ ਸਪਲਾਈ ਦੀ 5ਵੀਂ ਖੇਪ ਪੁੱਜੀ ਭਾਰਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News