ਪੀ.ਐੱਮ. ਮੋਦੀ ਤੇ ਸੋਲੇਹ ਨੇ ਤਟੀ ਨਿਗਰਾਨੀ ਰਡਾਰ ਪ੍ਰਣਾਲੀ ਦਾ ਕੀਤਾ ਉਦਘਾਟਨ

06/09/2019 10:59:16 AM

ਮਾਲੇ/ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲੇਹ ਨੇ ਭਾਰਤ ਵੱਲੋਂ ਬਣਾਈ ਗਈ ਤਟੀ ਨਿਗਰਾਨੀ ਰਡਾਰ ਪ੍ਰਣਾਲੀ ਅਤੇ ਮਾਲਦੀਵਸ ਨੈਸ਼ਨਲ ਡਿਫੈਂਸ ਫੋਰਸ ਦੇ ਸਿਖਲਾਈ ਕੰਪਲੈਕਸ ਦਾ ਇੱਥੇ ਸ਼ਨੀਵਾਰ ਨੂੰ ਸੰਯੁਕਤ ਰੂਪ ਨਾਲ ਉਦਘਾਟਨ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ। ਦੋਹਾਂ ਨੇਤਾਵਾਂ ਨੇ ਰੱਖਿਆ ਅਤੇ ਸਮੁੰਦਰੀ ਰੱਖਿਆ ਜਿਹੇ ਮਹੱਤਵਪੂਰਣ ਖੇਤਰਾਂ ਵਿਚ ਆਪਣਾ ਦੋ-ਪੱਖੀ ਸਹਿਯੋਗ ਵਧਾਉਣ ਲਈ ਵਿਆਪਕ ਵਾਰਤਾ ਕੀਤੀ। 

ਇਸ ਰਡਾਰ ਪ੍ਰਣਾਲੀ ਦਾ ਉਦਘਾਟਨ ਕਾਫੀ ਮਹੱਤਵ ਰੱਖਦਾ ਹੈ ਕਿਉਂਕਿ ਚੀਨ ਹਿੰਦ ਮਹਾਸਾਗਰ ਵਿਚ ਆਪਣੇ ਸਮੁੰਦਰੀ 'ਰੇਸ਼ਮ ਮਾਰਗ' ਪ੍ਰਾਜੈਕਟ ਲਈ ਮਾਲਦੀਵ ਨੂੰ ਮਹੱਤਵਪੂਰਣ ਮੰਨਦਾ ਹੈ। ਗੌਰਤਲਬ ਹੈ ਕਿ ਰੇਸ਼ਮ ਮਾਰਗ ਪ੍ਰਾਜੈਕਟ ਦੇ ਲਈ ਚੀਨ ਪਹਿਲਾਂ ਹੀ ਸ਼੍ਰੀਲੰਕਾ ਵਿਚ ਹੰਬਨਟੋਟਾ ਬੰਦਰਗਾਹ ਅਤੇ ਅਫਰੀਕਾ ਦੇ ਪੂਰਬੀ ਸਿਰੇ 'ਤੇ ਸਥਿਤ ਜ਼ਿਬੂਤੀ 'ਤੇ ਆਪਣਾ ਪ੍ਰਭਾਵ ਕਾਇਮ ਕਰ ਚੁੱਕਾ ਹੈ। ਤਟੀ ਨਿਗਰਾਨੀ ਰਡਾਰ, ਏਕੀਕ੍ਰਿਤ ਨਿਗਰਾਨੀ ਪ੍ਰਣਾਲੀ ਲਈ ਮੁੱਢਲਾ ਸੈਂਸਰ ਹੈ। ਰੱਖਿਆ ਅਧਿਕਾਰੀਆਂ ਮੁਤਾਬਕ ਸੇਸ਼ਲਜ਼, ਮੌਰੀਸ਼ਸ ਅਤੇ ਸ਼੍ਰੀਲੰਕਾ ਵਿਚ ਪਹਿਲਾਂ ਹੀ ਭਾਰਤ ਦੀ ਇਸ ਰਡਾਰ ਪ੍ਰਣਾਲੀ ਦਾ ਪੁਰਾਣਾ ਐਡੀਸ਼ਨ ਲੱਗਿਆ ਹੋਇਆ ਹੈ। 

ਦੋਹਾਂ ਨੇਤਾਵਾਂ ਨੇ ਮਿਲ ਕੇ ਮਫੀਲਾਫੁਸ਼ੀ ਵਿਚ ਮਾਲਦੀਵਸ ਨੈਸ਼ਨਲ ਡਿਫੈਂਸ ਫੋਰਸ ਦੇ ਸਿਖਲਾਈ ਕੰਪਲੈਕਸ ਦਾ ਵੀ ਉਦਘਾਟਨ ਕੀਤਾ। ਦੋਹਾਂ ਦੇਸ਼ਾਂ ਨੇ ਭਾਰਤੀ ਜਲ ਸੈਨਾ ਅਤੇ ਮਾਲਦੀਵ ਰਾਸ਼ਟਰੀ ਰੱਖਿਆ ਬਲ ਦੇ ਵਿਚ 'ਵ੍ਹਾਈਟ ਸ਼ਿਪਿੰਗ' ਸੂਚਨਾਵਾਂ ਸਾਂਝੀਆਂ ਕਰਨ ਲਈ ਇਕ ਤਕਨੀਕੀ ਸਮਝੌਤੇ 'ਤੇ ਦਸਤਖਤ ਕੀਤੇ। ਜ਼ਿਕਰਯੋਗ ਹੈ ਕਿ 'ਵ੍ਹਾਈਟ ਸ਼ਿਪਿੰਗ' ਸਮਝੌਤੇ ਦੇ ਤਹਿਤ ਦੋ ਦੇਸ਼ ਇਕ-ਦੂਜੇ ਦੇ ਸਮੁੰਦਰੀ ਖੇਤਰ ਵਿਚ ਵਪਾਰਕ ਜਹਾਜ਼ਾਂ ਦੇ ਬਾਰੇ ਵਿਚ ਇਕ-ਦੂਜੇ ਦੀਆਂ ਜਲ ਸੈਨਾਵਾਂ ਵਿਚ ਸੂਚਨਾ ਦਾ ਲੈਣ-ਦੇਣ ਕਰਦੇ ਹਨ।


Vandana

Content Editor

Related News