ਫਰਜ਼ੀ ਜ਼ਮੀਨ 'ਤੇ ਫਰਜ਼ੀ ਲੋਨ ! ਸਟੇਟ ਬੈਂਕ 'ਚ ਇੰਝ ਕੀਤਾ ਕਰੋੜਾਂ ਦਾ ਗ਼ਬਨ, ਹੁਣ ਚੜ੍ਹੇ ਪੁਲਸ ਅੜਿੱਕੇ

Wednesday, Feb 05, 2025 - 12:44 AM (IST)

ਫਰਜ਼ੀ ਜ਼ਮੀਨ 'ਤੇ ਫਰਜ਼ੀ ਲੋਨ ! ਸਟੇਟ ਬੈਂਕ 'ਚ ਇੰਝ ਕੀਤਾ ਕਰੋੜਾਂ ਦਾ ਗ਼ਬਨ, ਹੁਣ ਚੜ੍ਹੇ ਪੁਲਸ ਅੜਿੱਕੇ

ਸੁਲਤਾਨਪੁਰ ਲੋਧੀ/ਜਲੰਧਰ (ਧੀਰ, ਸੋਢੀ, ਧਵਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਆਫ ਪਟਿਆਲਾ (ਹੁਣ ਸਟੇਟ ਬੈਂਕ ਆਫ ਇੰਡੀਆ) ਬ੍ਰਾਂਚ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ’ਚ ਹੋਏ ਬਹੁ-ਕਰੋੜੀ ਘਪਲੇ ’ਚ ਨਾਮਜ਼ਦ ਮੁਲਜ਼ਮ ਸਤਨਾਮ ਸਿੰਘ ਅਤੇ ਮੁਲਜ਼ਮ ਸਰਬਜੀਤ ਸਿੰਘ ਨੰਬਰਦਾਰ ਦੋਵੇਂ ਵਾਸੀ ਪਿੰਡ ਸਰੂਪਵਾਲ ਤਹਿਸੀਲ ਸੁਲਤਾਨਪੁਰ ਲੋਧੀ ਨੂੰ ਗ੍ਰਿਫ਼ਤਾਰ ਕੀਤਾ ਹੈ। 

ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ 7 ਸਾਲ ਪਹਿਲਾਂ ਦਰਜ ਇਕ ਵਿਜੀਲੈਂਸ ਇਨਕੁਆਇਰੀ ਦੀ ਪੜਤਾਲ ਦੇ ਆਧਾਰ ’ਤੇ ਮੁਕੱਦਮਾ ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਵਿਖੇ ਦਰਜ ਕੀਤਾ ਗਿਆ ਸੀ। ਉਕਤ ਮੁਲਜ਼ਮਾਂ ਨੇ ਬੈਂਕ ਦੇ ਬ੍ਰਾਂਚ ਮੈਨੇਜਰ ਤੇ ਹੋਰ ਮੁਲਾਜ਼ਮਾਂ ਸਮੇਤ ਆਮ ਵਿਅਕਤੀਆਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਭ੍ਰਿਸ਼ਟ ਤਰੀਕਿਆਂ ਨਾਲ ਉਕਤ ਬੈਂਕ ਦੇ ਮੁਲਾਜ਼ਮਾਂ ਰਾਹੀਂ ਖਜ਼ਾਨੇ ਵਿਚੋਂ ਕਰਜ਼ਾ/ਲਿਮਟਾਂ ਰਾਹੀਂ ਪੈਸੇ ਕਢਵਾ ਕੇ ਗ਼ਬਨ ਕੀਤਾ ਸੀ। ਇਸ ਸਬੰਧੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮਿਤੀ 30 ਅਪ੍ਰੈਲ 2016 ਤਕ ਦੀਆਂ 14 ਕਰਜ਼ਾ ਫਾਈਲਾਂ ਰਾਹੀਂ ਕਰੀਬ 3 ਕਰੋੜ 71 ਲੱਖ ਰੁਪਏ ਦਾ ਗਬਨ ਕੀਤਾ ਗਿਆ।

ਘਪਲੇ ਦੌਰਾਨ ਮੁਲਜ਼ਮਾਂ ਨੇ ਅਧੂਰੀਆਂ ਰਿਪੋਰਟਾਂ ਅਤੇ ਗਾਰੰਟਰ ਡੀਡਾਂ ਹਾਸਲ ਕਰ ਕੇ ਪ੍ਰਾਈਵੇਟ ਵਿਅਕਤੀਆਂ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲੀਭੁਗਤ ਕਰ ਕੇ ਫਰਜ਼ੀ ਜ਼ਮੀਨ ਉਪਰ ਫਰਜ਼ੀ ਵਿਅਕਤੀਆਂ ਦੇ ਬੈਂਕ ਲੋਨ ਮਨਜ਼ੂਰ ਕਰਵਾਏ ਸਨ। ਕਰਜ਼ਦਾਰਾਂ ਦੀ ਜ਼ਮੀਨ ਉਨ੍ਹਾਂ ਦੀ ਮਾਲਕੀ ਨਾ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਨੂੰ ਪ੍ਰਾਈਵੇਟ ਵਿਅਕਤੀਆਂ ਦੀ ਮਾਲਕੀ ਦਿਖਾ ਕੇ ਫਰਦਾਂ, ਫਰਦ ਗਿਰਦਾਵਰੀ ਤੇ ਬਾਰ-ਰਹਿਤ ਸਰਟੀਫਿਕੇਟ ਜਾਰੀ ਕਰਵਾ ਕੇ ਵਸੀਕੇ ਅਤੇ ਬੈਨਾਮੇ ਵਸੀਕੇ ਰਜਿਸਟਰ ਕਰਵਾਏ ਗਏ ਸਨ।

PunjabKesari

ਇਹ ਵੀ ਪੜ੍ਹੋ- PSPCL ਦਾ ਵੱਡਾ ਅਧਿਕਾਰੀ ਹੋਇਆ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ

ਇਸ ਮੁਕੱਦਮੇ ਵਿਚ ਸ਼ਾਮਲ ਸਤਨਾਮ ਸਿੰਘ ਸਰੂਪਵਾਲਾ ਨੇ ਖੇਤੀਬਾੜੀ ਲਿਮਟ ਲੈਣ ਸਬੰਧੀ ਫਰਦ ਜਮਾਬੰਦੀ, ਫਰਦ ਹਕੀਅਤ, ਫਰਦ ਗਿਰਦਾਵਰੀ, ਸਰਟੀਫਿਕੇਟ, ਸਟੇਟ ਬੈਂਕ ਆਫ ਪਟਿਆਲਾ ਸੁਲਤਾਨਪੁਰ ਲੋਧੀ ਦੇ ਮੈਨੇਜਰ ਮੁਲਜ਼ਮ ਸੁਲਿੰਦਰ ਸਿੰਘ ਨੂੰ ਦਿੱਤੇ, ਜਿਸ ਦੇ ਆਧਾਰ 'ਤੇ ਬੈਂਕ ਮੈਨੇਜਰ ਨੇ ਬੈਂਕ ਦੇ ਦੂਸਰੇ ਕਰਮਚਾਰੀ ਸੁਰਿੰਦਰ ਪਾਲ ਫੀਲਡ ਅਫਸਰ ਅਤੇ ਪੈਨਲ ਵਕੀਲ ਤਾਰਾ ਚੰਦ ਮੁਲਜ਼ਮ ਨਾਲ ਮਿਲੀਭੁਗਤ ਕਰ ਕੇ ਆਪਣੇ ਨਿੱਜੀ ਮੁਫਾਦ ਲਈ ਕਰਜ਼ਾ ਲੈਣ ਵਾਲੇ ਸਤਨਾਮ ਸਿੰਘ ਨੂੰ ਕਰਜ਼ਾ ਦੇਣ ਦੀ ਮਨਸ਼ਾ ਨਾਲ ਉਕਤ ਦੋਸ਼ੀਆਂ ਵਲੋਂ ਫਰਜ਼ੀ ਅਤੇ ਗਲਤ ਰਿਪੋਰਟਾਂ ਤਿਆਰ ਕੀਤੀਆਂ ਗਈਆਂ।

ਇਸ ਤੋਂ ਬਾਅਦ ਉਕਤ ਬੈਂਕ ਮੈਨੇਜਰ ਨੇ ਸਤਨਾਮ ਸਿੰਘ ਨਾਲ ਮਿਲੀਭੁਗਤ ਕਰਕੇ ਉਸ ਦਾ 16 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰ ਦਿੱਤਾ, ਜਦਕਿ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਕ ਪਿੰਡ ਲੋਹੀਆਂ ਦੀ ਉਕਤ ਜਮਾਬੰਦੀ ਰਿਕਾਰਡ ਨਾਲ ਮੇਲ ਨਹੀਂ ਖਾਂਦੀ।

ਇਸੇ ਤਰ੍ਹਾਂ ਮੋਰਟਗੇਜ਼ ਡੀਡ ਨੂੰ ਤਸਦੀਕ ਕਰਵਾਉਣ ਤੇ ਪਾਇਆ ਗਿਆ ਕਿ ਉਕਤ ਬੈਂਕ ਮੈਨੇਜਰ ਵਲੋਂ ਸਤਨਾਮ ਸਿੰਘ ਅਤੇ ਮੋਰਟਗੇਜ਼ ਡੀਡ ਉਪਰ ਗਵਾਹੀ ਪਾਉਣ ਵਾਲੇ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਮੋਰਟਗੇਜ਼ ਡੀਡ ਪਰ ਦਫਤਰ ਜੁਆਇੰਟ ਸਬ ਰਜਿਸਟਰਾਰ ਲੋਹੀਆਂ ਦਾ ਫਰਜ਼ੀ ਨੰਬਰ ਲਗਾਇਆ ਗਿਆ, ਜਿਸ ਉੱਪਰ ਗਵਾਹੀ ਉਕਤ ਮੁਲਜ਼ਮ ਸਰਬਜੀਤ ਸਿੰਘ ਨੰਬਰਦਾਰ ਵਾਸੀ ਸਰੂਪਵਾਲਾ ਵਲੋਂ ਪਾਈ ਗਈ ਸੀ।

ਵਰਨਣਯੋਗ ਹੈ ਕਿ ਇਸ ਵਿਜੀਲੈਂਸ ਇਨਕੁਆਰੀ ਦੀ ਪੜਤਾਲ ਦੇ ਆਧਾਰ ’ਤੇ ਉਪਰੋਕਤ ਮੁਕੱਦਮਾ 33 ਵਿਕਅਤੀਆਂ ਵਿਰੁੱਧ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 28 ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ 3 ਮੁਲਜ਼ਮਾਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਬਿਊਰੋ ਵਲੋਂ ਚਾਰਾਜੋਈ ਸਰਗਰਮੀ ਨਾਲ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ !

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News