ਪ੍ਰਮੁੱਖ ਰੇਲਵੇ ਸਟੇਸ਼ਨਾਂ ''ਤੇ ਹਵਾਈ ਅੱਡਿਆਂ ਵਾਂਗ ਹੋਵੇਗੀ ਸੁਰੱਖਿਆ

06/06/2019 1:16:36 AM

ਨਵੀਂ ਦਿੱਲੀ,(ਅਨਸ): ਦੇਸ਼ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਹੁਣ ਹਵਾਈ ਅੱਡਿਆਂ ਵਾਂਗ ਸੁਰੱਖਿਆ ਦਾਖਲਾ ਤੇ ਨਿਕਾਸੀ ਗੇਟ ਹੋਣਗੇ। ਓਧਰ ਪਟੜੀ ਦੇ ਦੋਵੇਂ ਪਾਸੇ ਉੱਚੀ ਕੰਧ ਬਣਾਈ ਜਾਏਗੀ ਤਾਂ ਕਿ ਅਣਧਿਕਾਰਤ ਲੋਕ ਭੀੜ ਨਾ ਵਧਾ ਸਕਣ। ਬਿਨਾਂ ਜਾਇਜ਼ ਟਿਕਟ ਦੇ ਕੋਈ ਵੀ ਵਿਅਕਤੀ ਸਟੇਸ਼ਨ ਕੰਪਲੈਕਸ 'ਚ ਦਾਖਲ ਨਹੀਂ ਹੋ ਸਕੇਗਾ। ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਦੇ ਡਾਇਰੈਕਟਰ ਜਨਰਲ ਅਰੁਣ ਕੁਮਾਰ ਨੇ ਕਿਹਾ ਕਿ ਉਨ੍ਹਾਂ ਲਈ ਸੁਰੱਖਿਆ ਪਹਿਲ ਦਾ ਵਿਸ਼ਾ ਹੈ। ਅਜਿਹਾ ਇਸ ਲਈ ਕਿਉਂਕਿ ਜ਼ਿਆਦਾਤਰ ਰੇਲਵੇ ਸਟੇਸ਼ਨਾਂ 'ਤੇ ਸਾਰੀ ਜਗ੍ਹਾ ਖੁੱਲ੍ਹੀ ਹੈ, ਜਿਸ ਕਾਰਨ ਲੋਕ ਕਿਤਿਓਂ ਵੀ ਆ ਜਾਂਦੇ ਹਨ। ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਏਅਰਪੋਰਟ ਵਰਗੀ ਸੁਰੱਖਿਆ ਲਈ ਆਰ. ਪੀ. ਐੱਫ. ਕਮਾਂਡੋਜ਼ ਨੂੰ ਵੀ ਸੀ. ਆਈ. ਐੱਸ. ਐੱਫ. ਕਮਾਂਡੋਜ਼ ਵਾਂਗ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਕਮਾਂਡੋ ਸਟੇਸ਼ਨ ਦੇ ਹਰੇਕ ਦਾਖਲਾ ਤੇ ਨਿਕਾਸੀ ਗੇਟਾਂ 'ਤੇ ਤਾਇਨਾਤ ਰਹਿਣਗੇ।

ਸਰਕਾਰ ਨੇ ਜਾਰੀ ਕੀਤੇ 114 ਕਰੋੜ
ਇਸ ਮਕਸਦ ਲਈ ਸਰਕਾਰ ਨੇ 114.18 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਕ ਨਵਾਂ ਐਕਸੈੱਸ ਕੰਟਰੋਲ ਸਿਸਟਮ ਰੇਲਵੇ ਸਟੇਸ਼ਨਾਂ 'ਤੇ ਲਾਇਆ ਜਾਵੇਗਾ, ਜਿਸ ਨਾਲ ਸਿਰਫ ਟਿਕਟਧਾਰਕਾਂ ਨੂੰ ਹੀ ਕੰਪਲੈਕਸ ਅੰਦਰ ਦਾਖਲਾ ਮਿਲ ਸਕੇਗਾ।

ਇਨ੍ਹਾਂ ਸਟੇਸ਼ਨਾਂ ਤੋਂ ਹੋਵੇਗੀ ਸ਼ੁਰੂਆਤ
ਫਿਲਹਾਲ ਇਸ ਤਰ੍ਹਾਂ ਦਾ ਦਾਖਲਾ ਸਿਸਟਮ ਸਭ ਤੋਂ ਪਹਿਲਾਂ ਭੋਪਾਲ ਦੇ ਹਬੀਬਗੰਜ ਤੇ ਗੁਜਰਾਤ ਦੇ ਗਾਂਧੀਨਗਰ ਸਟੇਸ਼ਨ 'ਤੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਦਿੱਲੀ ਤੇ ਮੁੰਬਈ 'ਚ ਸਥਿਤ ਪ੍ਰਮੁੱਖ ਰੇਲਵੇ ਸਟੇਸ਼ਨਾਂ 'ਤੇ ਇਸ ਨੂੰ ਸ਼ੁਰੂ ਕੀਤਾ ਜਾਏਗਾ।

 


Related News