ਸਾਰੰਡਾ ਦੇ ਜੰਗਲਾਂ 'ਚ ਸੁਰੱਖਿਆ ਬਲਾਂ ਦੀ ਵੱਡੀ ਕਾਰਵਾਈ ! ਮੁਕਾਬਲੇ 'ਚ 1 ਕਰੋੜ ਦੇ ਇਨਾਮੀ ਸਮੇਤ 10 ਨਕਸਲੀ ਢੇਰ
Thursday, Jan 22, 2026 - 03:05 PM (IST)
ਨੈਸ਼ਨਲ ਡੈਸਕ : ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਸਾਰੰਡਾ ਜੰਗਲੀ ਇਲਾਕੇ ਵਿੱਚ ਵੀਰਵਾਰ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਮਾਓਵਾਦੀਆਂ ਵਿਚਕਾਰ ਭਾਰੀ ਮੁਕਾਬਲਾ ਜਾਰੀ ਹੈ। ਇਸ ਵੱਡੇ ਆਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੇ 1 ਕਰੋੜ ਰੁਪਏ ਦੇ ਇਨਾਮੀ ਨਕਸਲੀ ਨੂੰ ਢੇਰ ਕੀਤਾ ਹੈ। ਰਿਪੋਰਟਾਂ ਅਨੁਸਾਰ, ਇਸ ਮੁਕਾਬਲੇ 'ਚ ਹੁਣ ਤੱਕ ਕੁੱਲ 10 ਨਕਸਲੀ ਮਾਰੇ ਜਾਣ ਦੀ ਸੂਚਨਾ ਹੈ।
ਕੌਣ ਸੀ 1 ਕਰੋੜ ਦਾ ਇਨਾਮੀ 'ਅਨਲ ਦਾ'?
ਮਾਰੇ ਗਏ ਮੁੱਖ ਨਕਸਲੀ ਦੀ ਪਛਾਣ ਅਨਲ ਦਾ ਵਜੋਂ ਹੋਈ ਹੈ, ਜੋ ਮਾਓਵਾਦੀਆਂ ਦੀ ਸੈਂਟਰਲ ਕਮੇਟੀ ਦਾ ਮੈਂਬਰ ਸੀ। ਉਸ ਨੂੰ ਪਾਤੀਰਾਮ ਮਾਂਝੀ, ਪਾਤੀਰਾਮ ਮਰਾਂਡੀ ਤੇ ਰਮੇਸ਼ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਝਾਰਖੰਡ ਦੇ ਗਿਰੀਡੀਹ ਦਾ ਰਹਿਣ ਵਾਲਾ ਅਨਲ ਦਾ ਕਈ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਸੀ ਅਤੇ ਉਸ ਨੂੰ ਸੀ.ਆਰ.ਪੀ.ਐਫ. (CRPF) ਦੇ ਕੋਬਰਾ ਜਵਾਨਾਂ ਨੇ ਮੁਕਾਬਲੇ ਦੌਰਾਨ ਢੇਰ ਕੀਤਾ ਹੈ।
ਖੁਫੀਆ ਜਾਣਕਾਰੀ 'ਤੇ ਸ਼ੁਰੂ ਹੋਇਆ ਆਪਰੇਸ਼ਨ
ਝਾਰਖੰਡ ਪੁਲਸ ਦੇ ਆਈ.ਜੀ. (ਆਪਰੇਸ਼ਨਜ਼) ਮਾਈਕਲਰਾਜ ਐਸ. ਅਨੁਸਾਰ ਇਹ ਸਾਂਝਾ ਆਪਰੇਸ਼ਨ ਛੋਟਾਨਾਗਰਾ ਥਾਣਾ ਖੇਤਰ ਦੇ ਕੁੰਭਡੀਹ ਪਿੰਡ ਦੇ ਨੇੜੇ ਮਾਓਵਾਦੀਆਂ ਦੀ ਮੌਜੂਦਗੀ ਬਾਰੇ ਮਿਲੀ ਪੁਖ਼ਤਾ ਖੁਫੀਆ ਜਾਣਕਾਰੀ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਜਦੋਂ ਸੁਰੱਖਿਆ ਬਲ ਇਲਾਕੇ ਵਿੱਚ ਪਹੁੰਚੇ ਤਾਂ ਘਾਤ ਲਗਾ ਕੇ ਬੈਠੇ ਮਾਓਵਾਦੀਆਂ ਨੇ ਅੰਧਾਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦਾ ਜਵਾਬੀ ਕਾਰਵਾਈ ਵਿੱਚ ਮੂੰਹਤੋੜ ਜਵਾਬ ਦਿੱਤਾ ਗਿਆ।
ਹਥਿਆਰ ਤੇ ਗੋਲਾ-ਬਾਰੂਦ ਬਰਾਮਦ
ਮੁਕਾਬਲੇ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਮਾਓਵਾਦੀਆਂ ਦੀਆਂ ਕਈ ਲਾਸ਼ਾਂ ਸਮੇਤ ਹਥਿਆਰ, ਗੋਲਾ-ਬਾਰੂਦ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਹਨ। ਕੋਲਹਾਨ ਡਿਵੀਜ਼ਨ ਦੇ ਡੀ.ਆਈ.ਜੀ. ਅਨੁਰੰਜਨ ਕਿਸਪੋਟਾ ਨੇ ਮੁਠਭੇੜ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਵਾਧੂ ਫੋਰਸ ਤਾਇਨਾਤ ਕਰਕੇ ਸਰਚ ਆਪਰੇਸ਼ਨ ਜਾਰੀ ਰੱਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਾਲ 2026 ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਇਹ ਪਹਿਲਾ ਵੱਡਾ ਮੁਕਾਬਲਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਚਾਈਬਾਸਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨਕਸਲ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ, ਜਿਸ ਤਹਿਤ ਮਾਓਵਾਦੀਆਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
