''ਮੈਤਰੀ ਬੱਸ ਸੇਵਾ'' ਨੇ ਘੱਟ ਕੀਤੀ ਦਿੱਲੀ-ਕਾਠਮੰਡੂ ਵਿਚਾਲੇ ਦੂਰੀ
Friday, Nov 22, 2024 - 05:35 PM (IST)
ਨਵੀਂ ਦਿੱਲੀ- ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀ. ਟੀ. ਸੀ) ਦੀ ਦਿੱਲੀ-ਕਾਠਮੰਡੂ ਕੌਮਾਂਤਰੀ ਬੱਸ ਸੇਵਾ ਰਾਹੀਂ ਅਗਸਤ 2023 ਤੋਂ ਅਗਸਤ 2024 ਦਰਮਿਆਨ ਕੁੱਲ 17,603 ਯਾਤਰੀਆਂ ਨੇ ਯਾਤਰਾ ਕੀਤੀ। ਇਹ ਜਾਣਕਾਰੀ ਆਰ. ਟੀ. ਆਈ ਅਰਜ਼ੀ ਦੇ ਜਵਾਬ 'ਚ ਮਿਲੀ ਹੈ। ਦਿੱਲੀ-ਕਾਠਮੰਡੂ ਮੈਤਰੀ ਬੱਸ ਸੇਵਾ ਵਜੋਂ ਜਾਣੀ ਜਾਂਦੀ ਹੈ, ਇਹ ਸੇਵਾ ਭਾਰਤ ਅਤੇ ਨੇਪਾਲ ਦਰਮਿਆਨ ਮਜ਼ਬੂਤ ਸਬੰਧਾਂ ਦਾ ਪ੍ਰਤੀਕ ਹੈ ਅਤੇ ਯਾਤਰੀਆਂ ਵਿਚਾਲੇ ਕਾਫ਼ੀ ਪ੍ਰਸਿੱਧ ਹੋ ਗਈ ਹੈ।
ਔਸਤਨ ਹਰ ਮਹੀਨੇ 1,000 ਤੋਂ ਵੱਧ ਲੋਕ ਇਸ ਬੱਸ ਸੇਵਾ ਦੀ ਵਰਤੋਂ ਕਰਦੇ ਹਨ, ਜੋ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਨਵੰਬਰ 2023 'ਚ ਸਭ ਤੋਂ ਵੱਧ 1,611 ਯਾਤਰੀਆਂ ਨੇ ਯਾਤਰਾ ਕੀਤੀ ਜਦੋਂ ਕਿ ਅਗਸਤ 2023 'ਚ ਸਭ ਤੋਂ ਘੱਟ 1,078 ਯਾਤਰੀ ਸਨ। ਬੱਸ ਸੇਵਾ 1,167 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੀ ਹੈ ਅਤੇ ਕਿਰਾਇਆ 2,300 ਰੁਪਏ ਹੈ। ਸੇਵਾ ਤਹਿਤ ਹਫ਼ਤੇ ਵਿਚ 6 ਦਿਨ ਬੱਸਾਂ ਚਲੱਦੀਆਂ ਹਨ। ਡੀ. ਟੀ. ਸੀ. ਬੱਸਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚਲਦੀਆਂ ਹਨ ਜਦੋਂ ਕਿ ਨੇਪਾਲ ਦੀ ਮੰਜੂਸ਼੍ਰੀ ਟ੍ਰਾਂਸਪੋਰਟ ਦੀਆਂ ਬੱਸਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਚਲਦੀਆਂ ਹਨ। ਡੀਟੀਸੀ ਵੋਲਵੋ ਬੱਸਾਂ ਦੀ ਵਰਤੋਂ ਕਰਦੀ ਹੈ ਅਤੇ ਮੰਜੂਸ਼੍ਰੀ ਟ੍ਰੈਫਿਕ ਇਸ ਰੂਟ 'ਤੇ ਮਾਰਕੋ ਪੋਲੋ ਬੱਸਾਂ ਦੀ ਵਰਤੋਂ ਕਰਦੀ ਹੈ।
ਡੀ. ਟੀ. ਸੀ ਦੀ ਵੈੱਬਸਾਈਟ ਮੁਤਾਬਕ ਫਿਰੋਜ਼ਾਬਾਦ, ਫੈਜ਼ਾਬਾਦ, ਮੁਗਲਿੰਗ ਅਤੇ ਸੋਨੌਲੀ (ਭਾਰਤ-ਨੇਪਾਲ ਸਰਹੱਦ) 'ਤੇ ਯਾਤਰਾ ਦੌਰਾਨ ਕਸਟਮ ਚੈਕਿੰਗ ਲਈ ਤੈਅ ਪੁਆਇੰਟ ਹਨ। ਯਾਤਰੀਆਂ ਨੂੰ ਰਸਤੇ ਵਿਚ ਹੋਰ ਥਾਵਾਂ 'ਤੇ ਉਤਰਨ ਜਾਂ ਚੜ੍ਹਨ ਦੀ ਆਗਿਆ ਨਹੀਂ ਹੈ। ਵੈੱਬਸਾਈਟ ਦੱਸਦੀ ਹੈ ਕਿ ਭਾਰਤੀ ਅਤੇ ਨੇਪਾਲੀ ਨਾਗਰਿਕਾਂ ਨੂੰ ਸਰਕਾਰ ਵਲੋਂ ਜਾਰੀ ਪ੍ਰਮਾਣਿਤ ਫੋਟੋ ਪਛਾਣ ਪੱਤਰ ਜਿਵੇਂ ਕਿ ਪਾਸਪੋਰਟ ਜਾਂ ਵੋਟਰ ਆਈਡੀ ਕਾਰਡ ਲਿਆਉਣ ਦੀ ਲੋੜ ਹੁੰਦੀ ਹੈ, ਜਦੋਂ ਕਿ ਵਿਦੇਸ਼ੀ ਨਾਗਰਿਕਾਂ ਨੂੰ ਇਕ ਵੈਧ ਪਾਸਪੋਰਟ ਅਤੇ ਵੀਜ਼ਾ ਪੇਸ਼ ਕਰਨ ਦੀ ਲੋੜ ਹੁੰਦੀ ਹੈ। ਇਹ ਸੇਵਾ 25 ਨਵੰਬਰ 2014 ਨੂੰ ਦਿੱਲੀ ਗੇਟ ਨੇੜੇ ਡਾ.ਅੰਬੇਡਕਰ ਸਟੇਡੀਅਮ ਬੱਸ ਟਰਮੀਨਲ ਤੋਂ ਸ਼ੁਰੂ ਹੋਈ ਸੀ।