ਧੁੰਦ ਦੀ ਮੋਟੀ ਚਾਦਰ ''ਚ ਲਿਪਟੀ ਦਿੱਲੀ, ਵਿਜ਼ੀਬਿਲਿਟੀ ਘੱਟ ਹੋਣ ਕਾਰਨ ਲੋਕ ਹੋਏ ਪਰੇਸ਼ਾਨ
Monday, Dec 22, 2025 - 10:15 AM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਸੋਮਵਾਰ ਸਵੇਰੇ ਜ਼ਹਿਰੀਲੀ ਧੁੰਦ ਦੀ ਮੋਟੀ ਚਾਦਰ 'ਚ ਲਿਪਟੀ ਰਹੀ ਅਤੇ ਘੱਟ ਦ੍ਰਿਸ਼ਤਾ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਡਾਟਾ ਅਨੁਸਾਰ, ਸਵੇਰੇ 6.05 ਵਜੇ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 366 ਸੀ, ਜੋ ਇਕ ਦਿਨ ਪਹਿਲਾਂ ਦਰਜ ਕੀਤੇ ਗਏ 24 ਘੰਟੇ ਦੇ ਔਸਤ 377 ਤੋਂ ਥੋੜ੍ਹਾ ਬਿਹਤਰ ਸੀ। ਸੀਪੀਸੀਬੀ ਅਨੁਸਾਰ ਏਕਿਊਆਈ 101 ਤੋਂ 200 ਵਿਚਾਲੇ ਮੱਧਮ ਪੱਧਰ ਦਾ ਹੁੰਦਾ ਹੈ। ਇਸ ਤੋਂ ਬਾਅਦ 201 ਤੋਂ 300 ਵਿਚਾਲੇ ਖ਼ਰਾਬ ਅਤੇ 301 ਤੋਂ 400 ਵਿਚਾਲੇ 'ਬਹੁਤ ਖ਼ਰਾਬ' ਹੁੰਦਾ ਹੈ। ਉੱਥੇ ਹੀ 400 ਤੋਂ ਉੱਪਰ ਏਕਿਊਆਈ 'ਗੰਭੀਰ' ਸ਼੍ਰੇਣੀ 'ਚ ਆਉਂਦਾ ਹੈ। ਮਾਹਿਰਾਂ ਅਨੁਸਾਰ ਬਹੁਤ ਖ਼ਰਾਬ ਹਵਾ 'ਚ ਲੰਬੇ ਸਮੇਂ ਤੱਕ ਰਹਿਣ ਨਾਲ ਸਾਹ ਦੀ ਸਮੱਸਿਆ ਹੋ ਸਕਦੀ ਹੈ।
ਦਿੱਲੀ 'ਚ ਐਤਵਾਰ ਨੂੰ ਦੱਖਣ-ਪੂਰਬੀ ਹਵਾਵਾਂ ਚੱਲ ਰਹੀਆਂ ਸਨ ਅਤੇ ਪਿਛਲੇ 24 ਘੰਟਿਆਂ 'ਚ ਹਵਾ ਦੀ ਗਤੀ 12 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਗਈ ਸੀ, ਜਿਸ ਨਾਲ ਹਵਾ ਦੀ ਗੁਣਵੱਤਾ 'ਚ ਥੋੜ੍ਹਾ ਸੁਧਾਰ ਹੋਇਆ, ਹਾਲਾਂਕਿ ਦ੍ਰਿਸ਼ਤਾ ਕਾਫ਼ੀ ਘੱਟ ਰਹੀ। ਮੌਸਮ ਵਿਗਿਆਨ ਵਿਭਾਗ ਅਨੁਸਾਰ, ਲਗਭਗ 7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲਗਾਤਾਰ ਦੱਖਣ-ਪੂਰਬੀ ਹਵਾਵਾਂ ਚੱਲਣ ਦੇ ਬਾਵਜੂਦ ਪਾਲਮ ਸਟੇਸ਼ਨ 'ਤੇ ਦ੍ਰਿਸ਼ਤਾ ਘੱਟ ਹੁੰਦੀ ਰਹੀ। ਐਤਵਾਰ ਰਾਤ 9.30 ਵਜੇ ਦ੍ਰਿਸ਼ਤਾ 800 ਮੀਟਰ ਘੱਟ ਕੇ ਸੋਮਵਾਰ ਸਵੇਰੇ 7 ਵਜੇ 350 ਮੀਟਰ ਹੋ ਗਈ, ਜਿਸ ਕਾਰਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾ ਅੱਡੇ ਨੂੰ ਉਡਾਣਾਂ ਦੀ ਆਵਾਜਾਈ 'ਚ ਸੰਭਾਵਿਤ ਰੁਕਾਵਟ ਦੀ ਚਿਤਾਵਨੀ ਦਿੰਦੇ ਹੋਏ ਚਿਤਾਵਨੀ ਜਾਰੀ ਕਰਨੀ ਪਈ।
